- Updated: November 17, 2023 08:56 AM
ਕਰੀਬ 20 ਦਿਨ ਪਹਿਲਾਂ ਵਿਆਹ ਕਰਵਾ ਕੇ ਇਟਲੀ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਨਾਲ ਪੂਰੇ ਇਲਾਕੇ ਵਿਚ ਮਾਤਮ ਦਾ ਮਾਹੌਲ ਛਾਅ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਸਵੇਰੇ ਰਾਕੇਸ਼ ਕੁਮਾਰ (35) ਸਾਈਕਲ ਉਤੇ ਕੰਮ ਲਈ ਜਾ ਰਿਹਾ ਸੀ, ਇਸ ਦੌਰਾਨ ਮੀਲੀਆਰਾ ਨੰਬਰ 51 ਨੇੜੇ ਇਕ ਕਾਰ ਦੀ ਫੇਟ ਵੱਜਣ ਕਾਰਨ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਦਸਿਆ ਜਾ ਰਿਹਾ ਹੈ ਕਿ ਕਾਰ ਨੂੰ ਕੋਈ ਇਟਾਲੀਅਨ ਬਜ਼ੁਰਗ ਚਲਾ ਰਿਹਾ ਸੀ। ਘਟਨਾ ਮਗਰੋਂ ਸਥਾਨਕ ਸੁਰੱਖਿਆ ਕਰਮਚਾਰੀ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਤੁਰੰਤ ਹੈਲੀਕਾਪਟਰ ਵਾਲੀ ਐਂਬੂਲਸ ਰਾਹੀਂ ਜ਼ਖ਼ਮੀ ਰਾਕੇਸ਼ ਕੁਮਾਰ ਨੂੰ ਲਾਤੀਨਾ ਦੇ ਸਾਂਤਾ ਮਾਰੀਆ ਗੋਰੇਤੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾ ਦਿਤਾ। ਇਲਾਜ ਦੌਰਾਨ ਰਾਕੇਸ਼ ਕੁਮਾਰ ਨੇ ਦਮ ਤੋੜ ਦਿਤਾ।
ਦੱਸ ਦੇਈਏ ਕਿ ਮ੍ਰਿਤਕ ਰਾਕੇਸ਼ ਕੁਮਾਰ ਪੁੱਤਰ ਗੁਰਦਿਆਲ ਸਿੰਘ ਪਿੰਡ ਭੰਗਲਾਂ ਮਹਿੰਦਪੁਰ ਤਹਿਸੀਲ ਨੰਗਲ ਡੈਮ ਜ਼ਿਲ੍ਹਾ ਰੂਪਨਗਰ ਨਾਲ ਸਬੰਧਤ ਸੀ। ਮ੍ਰਿਤਕ ਦੇ ਜਾਣਕਾਰਾਂ ਨੇ ਦਸਿਆ ਕਿ ਰਾਕੇਸ਼ ਕੁਮਾਰ ਅਜੇ 20 ਦਿਨ ਪਹਿਲਾਂ ਹੀ ਵਿਆਹ ਕਰਵਾ 11 ਨਵੰਬਰ ਨੂੰ ਇਟਲੀ ਵਾਪਸ ਗਿਆ ਸੀ। ਰਾਕੇਸ਼ ਕੁਮਾਰ ਘਰ ਦੀ ਆਰਥਕ ਸਥਿਤੀ ਠੀਕ ਕਰਨ ਲਈ ਕਰੀਬ 10 ਸਾਲ ਪਹਿਲਾਂ ਇਟਲੀ ਗਿਆ ਸੀ।