- Updated: October 03, 2023 12:58 PM
ਬੀਤੇ ਦਿਨ ਕਾਂਗਰਸੀ ਆਗੂ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸੀ, ਜਿਥੇ ਉਨ੍ਹਾਂ ਨੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ। ਦੱਸ ਦੇਈਏ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਮੁਤਾਬਕ ਰਾਹੁਲ ਗਾਂਧੀ ਦਾ ਇਹ ਨਿੱਜੀ ਦੌਰਾ ਹੈ। ਇਸ ਦੌਰਾਨ ਕੋਈ ਸਿਆਸੀ ਪ੍ਰੋਗਰਾਮ ਜਾਂ ਮੀਟਿੰਗ ਨਹੀਂ ਰੱਖੀ ਗਈ ਹੈ।

ਰਾਹੁਲ ਗਾਂਧੀ ਨੇ ਆਪਣੀ ਨਿੱਜੀ ਫੇਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ 'ਚ ਭਾਂਡਿਆਂ ਦੀ ਸੇਵਾ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੱਪੜਾ ਫੜ ਕੇ ਰੇਲਿੰਗ ਦੀ ਸਾਫ਼-ਸਫ਼ਾਈ ਵੀ ਕੀਤੀ। ਅੱਜ ਵੀ ਰਾਹੁਲ ਗਾਂਧੀ ਹਰਿਮੰਦਰ ਸਾਹਿਬ 'ਚ ਲੰਗਰ ਹਾਲ 'ਚ ਸੇਵਾ ਕਰ ਰਹੇ ਹਨ।

ਬੀਤੇ ਦਿਨ ਕਾਂਗਰਸ ਆਗੂ ਰਾਹੁਲ ਗਾਂਧੀ ਪਰਿਕਰਮਾ ਵਿਚ ਸ਼ਰਧਾਲੂਆਂ ਨੂੰ ਜਲ ਵਰਤਾਉਣ ਦੀ ਸੇਵਾ ਕਰਦੇ ਨਜ਼ਰ ਆਏ। ਉਹ ਕਾਫ਼ੀ ਸਮਾਂ ਹਰਿਮੰਦਰ ਸਾਹਿਬ ਵਿਚ ਰਹੇ। ਇਸ ਤੋਂ ਬਾਅਦ ਉਹ ਹੋਟਲ ਵਾਪਸ ਆ ਗਏ। ਉਹ ਹਾਲ ਬਾਜ਼ਾਰ ਹੋਟਲ ਰਮਾਡਾ ਵਿਚ ਰੁਕੇ ਹਨ, ਜਿਸ ਕਾਰਨ ਪੁਲਸ ਫੋਰਸ ਦੀ ਟੁਕੜੀ ਉਥੇ ਮੌਜੂਦ ਰਹੀ।


ਦੱਸਣਯੋਗ ਕਿ ਇਸ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ 15 ਤੋਂ 20 ਲੋਕਾਂ ਨੂੰ ਮਿਲਣ ਅਤੇ ਸਵਾਗਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚੀ ਭੇਜੀ ਗਈ ਸੀ ਪਰ ਰਾਹੁਲ ਗਾਂਧੀ ਨੇ ਇਨ੍ਹਾਂ ਨੂੰ ਮਿਲਣ ਤੋਂ ਮਨ੍ਹਾ ਦਿੱਤਾ ਸੀ, ਜਿਸ ਕਾਰਨ ਕਿਸੇ ਵੀ ਆਗੂ ਨੂੰ ਰਾਹੁਲ ਗਾਂਧੀ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।