- Updated: September 17, 2026 08:29 PM
ਰੂਸ ਵੱਲੋਂ ਯੂਕ੍ਰੇਨ ਦੀ ਰਾਜਧਾਨੀ ਕੀਵ ਅਤੇ ਉਸ ਦੇ ਆਸ-ਪਾਸ ਬੁੱਧਵਾਰ ਰਾਤ ਅਤੇ ਵੀਰਵਾਰ ਸਵੇਰੇ ਕੀਤੇ ਗਏ ਮਿਸਾਈਲ ਅਤੇ ਡਰੋਨ ਹਮਲੇ ਵਿੱਚ ਘੱਟੋ-ਘੱਟ 19 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਯੂਕ੍ਰੇਨੀ ਬਲਾਂ ਨੇ ਰਾਤ ਭਰ ਰੂਸ ਵਿੱਚ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ, ਜਿਨ੍ਹਾਂ ਵਿੱਚ ਯਾਰੋਸਲਾਵ ਸਥਿਤ ਇੱਕ ਤੇਲ ਰਿਫਾਇਨਰੀ ਅਤੇ ਰੋਸਤੋਵ ਖੇਤਰ ਦਾ ਇੱਕ ਫੌਜੀ ਹਵਾਈ ਅੱਡਾ ਸ਼ਾਮਲ ਹੈ।
ਕੀਵ ਸ਼ਹਿਰ ਦੇ ਫੌਜੀ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ 'ਤੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਹਮਲੇ 10 ਤੋਂ ਵੱਧ ਸਥਾਨਾਂ 'ਤੇ ਦਰਜ ਕੀਤੇ ਗਏ। ਪ੍ਰਸ਼ਾਸਨ ਅਨੁਸਾਰ ਜ਼ਖਮੀਆਂ ਵਿੱਚ 10 ਸਾਲਾ ਇੱਕ ਲੜਕੀ ਅਤੇ 12 ਸਾਲਾ ਲੜਕਾ ਵੀ ਸ਼ਾਮਲ ਹਨ।
ਓਡੇਸਾ ਦੇ ਖੇਤਰੀ ਮੁਖੀ ਓਲੇਹ ਕਿਪਰ ਦੇ ਅਨੁਸਾਰ, ਰੂਸ ਦੇ ਇੱਕ ਡਰੋਨ ਨੇ ਵੀਰਵਾਰ ਨੂੰ ਕਾਲੇ ਸਾਗਰ ਵਿੱਚ ਤੰਜਾਨੀਆ ਦੇ ਝੰਡੇ ਵਾਲੇ ਇੱਕ ਗੈਰ-ਫੌਜੀ (ਨਾਗਰਿਕ) ਜਹਾਜ਼ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਜਹਾਜ਼ ਦੇ ਕਪਤਾਨ ਦੀ ਮੌਤ ਹੋ ਗਈ ਅਤੇ ਚਾਲਕ ਦਲ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ।
ਯੂਕ੍ਰੇਨ ਦੀ ਹਵਾਈ ਫੌਜ ਨੇ ਦੱਸਿਆ ਕਿ ਰਾਤ ਭਰ ਹੋਏ ਹਮਲੇ ਦੌਰਾਨ ਉਸ ਨੇ ਰੂਸ ਦੇ 131 ਹਵਾਈ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਉਸ ਨੇ ਕਿਹਾ ਕਿ ਹਮਲੇ ਦਾ ਮੁੱਖ ਨਿਸ਼ਾਨਾ ਕੀਵ, ਜ਼ਾਪੋਰੀਜ਼ੀਆ ਅਤੇ ਓਡੇਸਾ ਖੇਤਰ ਰਹੇ।