- Updated: September 17, 2026 07:55 PM
ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਸੱਦੇ ‘ਤੇ ਵੀਰਵਾਰ ਨੂੰ ਪੰਜਾਬ ਦੇ 5 ਜ਼ਿਲ੍ਹਿਆਂ ‘ਤੇ ਕਰੀਬ 6 ਘੰਟੇ ਤੱਕ ਰੇਲ ਰੋਕੋ ਅੰਦੋਲਨ ਕੀਤਾ ਗਿਆ। ਦੁਪਹਿਰ 12 ਵਜੇ ਸ਼ੁਰੂ ਹੋਇਆ ਅੰਦੋਲਨ ਸ਼ਾਮ 6 ਵਜੇ ਸਮਾਪਤ ਹੋਇਆ।
ਇਸ ਦੌਰਾਨ ਕਿਸਾਨ ਅਤੇ ਖੇਤ ਮਜ਼ਦੂਰ ਰੇਲਵੇ ਟ੍ਰੈਕ ‘ਤੇ ਧਰਨੇ ‘ਤੇ ਬੈਠੇ। ਅੰਦੋਲਨ ਅੰਮ੍ਰਿਤਸਰ ਦੇ ਦੇਵੀਦਾਸਪੁਰਾ, ਪਠਾਨਕੋਟ ਦੇ ਚਾਖੂ ਲਾੜੀ ਰੇਲਵੇ ਫਾਟਕ, ਮੋਗਾ ਦੇ ਡਗਰੂ, ਫਿਰੋਜ਼ਪੁਰ ਦੇ ਮੱਲਾਂਵਾਲਾ ਤੇ ਸੰਗਰੂਰ ਦੇ ਸੁਨਾਮ ਵਿਚ ਕੀਤਾ ਗਿਆ।
ਰੇਲ ਰੋਕੋ ਦੇ ਐਲਾਨ ਤੋਂ ਬਾਅਦ ਸਰਕਾਰ ਵੱਲੋਂ ਗੱਲਬਾਤ ਦੀ ਪਹਿਲ ਕੀਤੀ ਗਈ। ਅੰਮ੍ਰਿਤਸਰ ਦੇ ਦੇਵੀਦਾਸਪੁਰਾ ਦੇ ਕੋਲ ਪਿੰਡ ਵਡਾਲਾ ਵਿਚ ਕਿਸਾਨ ਆਗੂਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਕਰੀਬ 3 ਘੰਟੇ ਬੈਠਕ ਹੋਈ।
ਇਸ ਵਿਚ ਕਿਸਾਨ ਆਗੂ ਸਰਵਨ ਸਿੰਘ ਪੰਧੇਰ, ਬਾਬਾ ਗੁਰਬਚਨ ਸਿੰਘ ਚੱਬਾ ਤੇ ਸਤਨਾਮ ਸਿੰਘ ਮਾਨੋਚਾਲ ਸਣੇ ਹੋਰ ਨੇਤਾ ਸ਼ਾਮਲ ਹੋਏ। ਦੂਜੇ ਪਾਸੇ ਆਈਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ , ਡਿਪਟੀ ਕਮਿਸ਼ਨ ਦਲਵਿੰਦਰ ਸਿੰਘ, ਐੱਸਐੱਸਪੀ ਕਵਲਜੀਤ ਸਿੰਘ, ਏਆਈਜੀ ਹਰਪਾਲ ਅਤੇ ਹੋਰ ਅਧਿਕਾਰੀ ਮੌਜੂਦ ਰਹੇ।
ਬੈਠਕ ਵਿਚ 24 ਸਤੰਬਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਖੇਤੀਬਾੜੀ ਮੰਤਰੀ ਦੇ ਨਾਲ ਕਿਸਾਨ ਨੇਤਾਵਾਂ ਦੀ ਬੈਠਕ ਕਰਾਉਣ ‘ਤੇ ਸਹਿਮਤੀ ਬਣੀ। ਇਸ ਤੋਂ ਇਲਾਵਾ ਕਰਜ਼ੇ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 3 ਲੱਖ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਸਹਾਇਤਾ ਇੱਕ ਮਹੀਨੇ ਦੇ ਅੰਦਰ ਦੇਣ ਦਾ ਭਰੋਸਾ ਦਿੱਤਾ ਗਿਆ।
ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਤੇ ਮਜ਼ਦੂਰਾਂ ਨੂੰ ਬਕਾਇਆ ਨੌਕਰੀ ਤੇ ਮੁਆਵਜ਼ਾ ਦੇਣ ਦਾ ਵੀ ਭਰੋਸਾ ਦਿੱਤਾ ਗਿਆ। ਪਰਾਲੀ, ਪੁਲਿਸ ਤੇ ਰੇਲਵੇ ਨਾਲ ਜੁੜੇ ਮਾਮਲਿਆਂ ਦੇ ਨਿਪਟਾਰੇ ‘ਤੇ ਵੀ ਸਹਿਮਤੀ ਬਣੀ।
ਇਸ ਤੋਂ ਬਾਅਦ, ਕਿਸਾਨ ਆਗੂਆਂ ਨੇ ਪੰਜਾਬ-ਵਿਆਪੀ ਅੰਦੋਲਨ ਦੀ ਸਮੀਖਿਆ ਕਰਨ ਲਈ ਇੱਕ ਜ਼ੂਮ ਮੀਟਿੰਗ ਕੀਤੀ। ਮੀਟਿੰਗ ਵਿੱਚ ਪੰਜ ਥਾਵਾਂ ‘ਤੇ ਰੇਲ ਰੋਕੋ ਅੰਦੋਲਨ ਅਤੇ ਵੀਰਵਾਰ ਨੂੰ ਮੰਤਰੀਆਂ ਦੇ ਘਰਾਂ ਦੇ ਬਾਹਰ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ। ਕਿਸਾਨ ਮਜ਼ਦੂਰ ਮੋਰਚਾ ਨੇ ਕਿਹਾ ਕਿ 24 ਸਤੰਬਰ ਦੀ ਮੀਟਿੰਗ ਵਿੱਚ MSP ਦੀ ਕਾਨੂੰਨੀ ਗਰੰਟੀ, ਕਰਜ਼ਾ ਮੁਆਫੀ, ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਨਾ ਅਤੇ ਸ਼ੰਭੂ-ਖਨੌਰੀ ਮੋਰਚੇ ਨਾਲ ਜੁੜੇ ਮੁੱਦਿਆਂ ਸਣੇ ਕਰੀਬ 23 ਸੂਤਰੀ ਮੰਗ-ਪੱਤਰ ‘ਤੇ ਚਰਚਾ ਹੋਵੇਗੀ। ਬੈਠਕ ਦੇ ਨਤੀਜਿਆਂ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਏਗੀ।