- Updated: September 17, 2026 05:39 PM
ਕੈਨੇਡਾ ਦੇ ਓਨਟਾਰੀਓ ਸੂਬੇ ਦੇ ਲੰਡਨ ਸ਼ਹਿਰ ਵਿੱਚ ਪੁਲਿਸ ਨੇ 41 ਸਾਲਾ ਮਨਦੀਪ ਸਿੰਘ 'ਤੇ ਇੱਕ ਔਰਤ ਦੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਆਇਦ ਕੀਤੇ ਹਨ। ਪੁਲਿਸ ਮੁਤਾਬਕ ਮੰਗਲਵਾਰ ਸ਼ਾਮ ਲਗਭਗ 6:25 ਵਜੇ ਚੈਲਟਨ ਰੋਡ ਸਥਿਤ ਇੱਕ ਘਰ ਵਿੱਚ ਹਿੰਸਕ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਟੀਮ ਨੂੰ ਇੱਕ ਜ਼ਖ਼ਮੀ ਔਰਤ ਮਿਲੀ, ਜਿਸ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ।
ਮੇਜਰ ਕ੍ਰਾਈਮ ਸੈਕਸ਼ਨ ਦੇ ਡਿਟੈਕਟਿਵ ਸਰਜੈਂਟ ਮਾਈਕਾ ਬੋਰਡੋ ਅਨੁਸਾਰ ਮੁਲਜ਼ਮ ਅਤੇ ਮ੍ਰਿਤਕ ਔਰਤ ਇੱਕ-ਦੂਜੇ ਨੂੰ ਜਾਣਦੇ ਸਨ ਅਤੇ ਦੋਵਾਂ ਦੇ ਆਪਸੀ ਨਜ਼ਦੀਕੀ ਸਬੰਧਾਂ ਵਿੱਚ ਸਨ। ਘਟਨਾ ਦੇ ਸਮੇਂ ਘਰ ਵਿੱਚ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ, ਪਰ ਉਨ੍ਹਾਂ ਵਿੱਚੋਂ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਗੁਆਂਢੀਆਂ ਅਨੁਸਾਰ ਇਸ ਦੋ-ਮੰਜ਼ਿਲਾ ਘਰ ਵਿੱਚ ਇੱਕ ਜੋੜਾ, ਉਨ੍ਹਾਂ ਦੇ ਦੋ ਮਾਸੂਮ ਬੱਚੇ (ਇੱਕ ਲੜਕਾ ਤੇ ਲੜਕੀ) ਅਤੇ ਔਰਤ ਦੀ ਮਾਂ ਰਹਿੰਦੇ ਸਨ। ਜਾਂਚਕਰਤਾਵਾਂ ਨੇ ਇਸ ਘਟਨਾ ਨੂੰ 'ਫੈਮੀਸਾਈਡ' ਕਰਾਰ ਦਿੱਤਾ ਹੈ, ਹਾਲਾਂਕਿ ਮੌਤ ਦੇ ਸਪੱਸ਼ਟ ਕਾਰਨਾਂ ਦਾ ਅਜੇ ਖ਼ੁਲਾਸਾ ਨਹੀਂ ਕੀਤਾ ਗਿਆ। ਪੁਲਿਸ ਵੱਲੋਂ ਘਟਨਾ ਵਿੱਚ ਵਰਤੇ ਗਏ ਹਥਿਆਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਮੁਲਜ਼ਮ ਮਨਦੀਪ ਸਿੰਘ ਨੂੰ ਬੁੱਧਵਾਰ ਦੁਪਹਿਰ ਪੁਲਿਸ ਹਿਰਾਸਤ 'ਚੋਂ ਵੀਡੀਓ ਲਿੰਕ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਸੁਣਵਾਈ ਇੱਕ ਪੰਜਾਬੀ ਦੁਭਾਸ਼ੀਏ ਦੀ ਮਦਦ ਨਾਲ ਕਰਵਾਈ ਗਈ। ਅਦਾਲਤ ਦੁਆਰਾ ਦੂਜੇ ਦਰਜੇ ਦੇ ਕਤਲ ਦੇ ਦੋਸ਼ ਪੜ੍ਹ ਕੇ ਸੁਣਾਏ ਜਾਣ ਤੋਂ ਬਾਅਦ ਜਸਟਿਸ ਆਫ਼ ਦ ਪੀਸ ਕ੍ਰਿਸਟੀਨ ਡਿਆਜ਼ ਵੱਲੋਂ ਵਕੀਲ ਬਾਰੇ ਪੁੱਛੇ ਜਾਣ 'ਤੇ ਮਨਦੀਪ ਸਿੰਘ ਨੇ ਅਨੁਵਾਦਕ ਰਾਹੀਂ ਦੱਸਿਆ ਕਿ ਉਸ ਕੋਲ ਕੋਈ ਵਕੀਲ ਨਹੀਂ ਹੈ। ਸਰਕਾਰੀ ਵਕੀਲ ਨੇ ਅਦਾਲਤ ਵਿੱਚ ਮਨਦੀਪ ਸਿੰਘ ਦੀ ਰਿਹਾਈ ਦਾ ਵਿਰੋਧ ਕੀਤਾ।
ਅਦਾਲਤ ਦੁਆਰਾ ਛੇ ਵਿਅਕਤੀਆਂ ਦੇ ਨਾਂ ਪੜ੍ਹ ਕੇ ਸੁਣਾਏ ਗ,ਏ ਜਿਨ੍ਹਾਂ ਨਾਲ ਮਨਦੀਪ ਸਿੰਘ ਕੋਈ ਸੰਪਰਕ ਨਹੀਂ ਕਰ ਸਕਦਾ, ਜਿਸ 'ਤੇ ਉਸ ਨੇ ਦੋ ਨਾਂ ਸੁਣ ਕੇ ਅੰਗਰੇਜ਼ੀ ਵਿੱਚ ਕਿਹਾ, "ਮੇਰੀ ਧੀ ਅਤੇ ਪੁੱਤਰ"। ਮੁਲਜ਼ਮ ਵੱਲੋਂ ਲੀਗਲ ਏਡ ਲਈ ਅਰਜ਼ੀ ਦਿੱਤੇ ਜਾਣ ਦੀ ਉਮੀਦ ਹੈ ਅਤੇ ਉਸ ਦੀ ਅਗਲੀ ਅਦਾਲਤੀ ਪੇਸ਼ੀ ਸ਼ੁੱਕਰਵਾਰ ਨੂੰ ਹੋਵੇਗੀ। ਇਹ ਲੰਡਨ ਸ਼ਹਿਰ ਵਿੱਚ ਇਸ ਸਾਲ ਦਾ ਚੌਥਾ ਕਤਲ ਹੈ।