- Updated: September 17, 2026 12:37 PM
ਇਸ ਸਮੇਂ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿਥੇ ਪੰਜਾਬ ਦੇ ਮੁੱਖ ਮੰਤਰੀ ਮਾਨ ਪਹੁੰਚੇ ਹਨ ਤੇ ਉਨ੍ਹਾਂ ਨਾਲ ਵਿੱਤ ਮੰਤਰੀ ਹਰਪਾਲ ਚੀਮਾ ਵੀ ਹਨ। ਰਿਪੋਰਟਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਮੀਟਿੰਗ ਹੋਣ ਜਾ ਰਹੀ ਹੈ। ਇਹ ਆਮ ਆਦਮੀ ਪਾਰਟੀ ਦੀ ਵੱਡੀ ਬੈਠਕ ਹੈ ਤੇ ਕਿਆਸ ਲਗਾਏ ਜਾ ਰਹੇ ਹਨ ਕਿ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।
ਹੁਣ ਜਦੋਂ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਵਾਲੀਆਂ ਹਨ ਤੇ ਇਸ ਲਈ ਇਸ ਨੂੰ ਅਹਿਮ ਮੀਟਿੰਗ ਵਜੋਂ ਦੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਅੱਜ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਵਿਖੇ ਪੋਲੀਟੀਕਲ ਅਫੇਅਰਜ਼ ਕਮੇਟੀ ਦੀ ਇਹ ਅਹਿਮ ਮੀਟਿੰਗ ਹੈ, ਉਸ ਕਮੇਟੀ ਦੌਰਾਨ ਕੀ ਫੈਸਲਾ ਲਿਆ ਜਾ ਸਕਦਾ ਹੈ, ਇਹ ਦੇਖਣਾ ਹੋਵੇਗਾ। ਮੀਟਿੰਗ ਵਿਚ ਨਵੇਂ ਸਿਆਸੀ ਢਾਂਚੇ ਨੂੰ ਲੈ ਕੇ ਵੱਡੇ ਫੈਸਲੇ ਲਏ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਬੀਤੀ 10 ਸਤੰਬਰ 2026 ਨੂੰ ਨੈਸ਼ਨਲ ਕੌਂਸਲ ਦੀ ਮੀਟਿੰਗ ਹੋਈ ਸੀ ਉਥੇ ਕੇਜਰੀਵਾਲ ਨੂੰ ਨੈਸ਼ਨਲ ਕਨਵੀਨਰ ਚੁਣਿਆ ਗਿਆ ਸੀ। 23 ਮੈਂਬਰ ਨਵੀਂ ਟੀਮ ਦਾ ਗਠਨ ਕੀਤਾ ਗਿਆ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ PAC ਆਮ ਆਦਮੀ ਪਾਰਟੀ ਦੀਆਂ ਅਹਿਮ ਫੈਸਲਾ ਲੈਣ ਵਾਲੀਆਂ ਸੰਸਥਾਵਾਂ ਵਿਚੋਂ ਇਕ ਮੰਨੀ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੀਟਿੰਗ ਵਿਚ ਪੰਜਾਬ, ਗੋਆ ਤੇ ਯੂਪੀ ਨੂੰ ਲੈ ਕੇ ਅਹਿਮ ਫੈਸਲੇ ਲਏ ਜਾ ਸਕਦੇ ਹਨ।