ਅੰਮ੍ਰਿਤਸਰ ''ਚ ਏ.ਐੱਸ.ਆਈ. ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਅੰਮ੍ਰਿਤਸਰ ''ਚ ਏ.ਐੱਸ.ਆਈ. ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਅਧੀਨ ਆਉਂਦੀ ਦਾਣਾ ਮੰਡੀ ਵਿੱਚ ਦੇਰ ਰਾਤ ਕੁਝ ਨੌਜਵਾਨਾਂ ਨੇ ਪੰਜਾਬ ਪੁਲਸ ਦੇ ਏਐੱਸਆਈ ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਏਐੱਸਆਈ ਦੇ ਕਤਲ ਦੀ ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਮੁਤਾਬਕ ਇਹ ਘਟਨਾ ਤੜਕੇ 3 ਵਜੇ ਦੇ ਕਰੀਬ ਵਾਪਰੀ ਹੈ, ਜਦੋਂ ਏਐਸਆਈ ਹਰਜੀਤ ਸਿੰਘ ਪੀਸੀਆਰ ਡਿਊਟੀ 'ਤੇ ਤਾਇਨਾਤ ਸੀ। ਇਸ ਦੌਰਾਨ ਦੋ ਬਾਈਕ ਸਵਾਰ ਹਮਲਾਵਰਾਂ ਨੇ ਉਸ ਨੂੰ ਨੇੜਿਓਂ ਕਈ ਗੋਲੀਆਂ ਮਾਰੀਆਂ।

ਪੁਲਸ ਨੇ ਏਐੱਸਆਈ ਹਰਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ। ਕਤਲ ਦੀ ਇਹ ਵਾਰਦਾਤ ਕਿਉਂ, ਕਿਵੇਂ ਅਤੇ ਕਿਸ ਵਲੋਂ ਕੀਤੀ ਗਈ, ਦੇ ਸਬੰਧ ਵਿਚ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਖੰਗਾਲ ਰਹੀ ਹੈ ਤਾਂਕਿ ਹਮਲਾਵਰਾਂ ਦਾ ਪਤਾ ਲੱਗ ਸਕੇ। ਏਐੱਸਆਈ ਹਰਜੀਤ ਦਾ ਕਤਲ ਹੋਣ ਦੀ ਸੂਚਨਾ ਮਿਲਣ 'ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਲਦ ਹੀ ਅੰਮ੍ਰਿਤਸਰ ਪਹੁੰਚ ਰਹੇ ਹਨ। ਪਤਾ ਲੱਗਾ ਹੈ ਕਿ ਏਐਸਆਈ ਹਰਜੀਤ ਸਿੰਘ ਤਰਨਤਾਰਨ ਦੇ ਰਹਿਣ ਵਾਲੇ ਸਨ। ਗੰਭੀਰ ਹਾਲਤ 'ਚ ਪੁਲਸ ਮੁਲਾਜ਼ਮ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।