- Updated: August 03, 2026 05:30 PM
ਪੰਜਾਬ ਕਾਂਗਰਸ ਦੇ ਕਲੇਸ਼ ਲਗਾਤਾਰ ਜਾਰੀ ਹੈ। ਗੋਨਿਆਣਾ ਦੇ ਇੱਕ ਰਿਜ਼ੋਰਟ ਵਿੱਚ ਮਾਲਵਾ ਖੇਤਰ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੌਰਾਨ ਸਿਆਸੀ ਮਾਹੌਲ ਉਸ ਵੇਲੇ ਗਰਮ ਹੋ ਗਿਆ, ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸਮਰਥਕਾਂ ਨੇ “ਚੰਨੀ ਜ਼ਿੰਦਾਬਾਦ” ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਰਿਪੋਰਟਾਂ ਮੁਤਾਬਕ ਮੀਟਿੰਗ ਦਾ ਮੁੱਖ ਉਦੇਸ਼ ਬੂਥ ਪੱਧਰ ‘ਤੇ ਪਾਰਟੀ ਨੂੰ ਮਜ਼ਬੂਤ ਕਰਨਾ ਅਤੇ ਆਉਣ ਵਾਲੀਆਂ ਰਾਜਨੀਤਿਕ ਚੁਣੌਤੀਆਂ ਲਈ ਵਰਕਰਾਂ ਨੂੰ ਇੱਕਜੁੱਟ ਕਰਨਾ ਸੀ। ਹਾਲਾਂਕਿ, ਚੰਨੀ ਸਮਰਥਕਾਂ ਨੇ ਆਪਣੇ ਨੇਤਾ ਦੇ ਸਮਰਥਨ ਵਿੱਚ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਮੀਟਿੰਗ ਦਾ ਮਾਹੌਲ ਥੋੜ੍ਹੀ ਦੇਰ ਲਈ ਰਾਜਨੀਤਿਕ ਹੰਗਾਮੇ ਵਿੱਚ ਬਦਲ ਗਿਆ।

ਇਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਚੰਨੀ ਸਮਰਥਕ ਨੂੰ ਸਟੇਜ ‘ਤੇ ਬੁਲਾ ਕੇ ਨਾਅਰੇਬਾਜ਼ੀ ਕਰਨ ਲਈ ਕਹਿ ਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਵੜਿੰਗ ਨੇ ਕਥਿਤ ਤੌਰ ‘ਤੇ ਮਜ਼ਾਕ ਵਿੱਚ ਟਿੱਪਣੀ ਕੀਤੀ ਕਿ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਸਨ, ਇਸ ਲਈ ਉਨ੍ਹਾਂ ਨੂੰ ਫੋਨ ਲਾ ਕੇ ਗੱਲ ਕਰਵਾਈ ਜਾਵੇ। ਵੜਿੰਗ ਨੇ ਕਿਹਾ ਕਿ ਚੰਨੀ ਸਾਬ੍ਹ ਨੂੰ ਫੋਨ ਕਰ ਕੇ ਦੱਸ ਕਿ ਮੈਂ ਪ੍ਰੋਗਰਾਮ ‘ਚ ਗੜਬੜ ਕਰਨ ਆਇਆ ਹਾਂ।
ਇਸ ਦੌਰਾਨ ਜਦੋਂ ਚੰਨੀ ਨੂੰ ਫ਼ੋਨ ਲਾਇਆ ਗਿਆ ਤਾਂ ਉਨ੍ਹਾਂ ਵੱਲੋਂ ਫੋਨ ਨਾ ਚੁੱਕੇ ਜਾਣ ਦੀ ਗੱਲ ਸਾਹਮਣੇ ਆਈ। ਇਸ ‘ਤੇ ਰਾਜਾ ਵੜਿੰਗ ਨੇ ਕਥਿਤ ਤੌਰ ‘ਤੇ ਚੰਨੀ ਸਮਰਥਕ ਨੂੰ ਕਿਹਾ ਕਿ ਹੋ ਸਕਦਾ ਹੈ ਕਿ ਉਹ ਕਿਸੇ ਕੰਮ ਵਿਚ ਬਿਜ਼ੀ ਹੋਣ ਤੇ ਬਾਅਦ ਵਿਚ ਉਸ ਨਾਲ ਗੱਲ ਕਰ ਲੈਣ। ਮੇਰਾ ਨੰਬਰ ਦਿਓ ਇਸ ਨੂੰ, ਜਦੋਂ ਲੋੜ ਪਈ ਫੋਨ ਕਰ ਲਵੀਂ।
ਇਸ ਤੋਂ ਬਾਅਦ ਮਾਮਲਾ ਹੋਰ ਦਿਲਚਸਪ ਹੋ ਗਿਆ। ਰਾਜਾ ਵੜਿੰਗ ਨੇ ਚੰਨੀ ਸਮਰਥਕ ਨੂੰ ਮਾਈਕ ਦਿੰਦੇ ਹੋਏ ਕਿਹਾ, “ਦਬਾ ਕੇ ਨਾਅਰੇ ਲਾਓ, ਕੋਈ ਕਸਰ ਨਾ ਰਹਿ ਜਾਏ।” ਇਸ ਤੋਂ ਬਾਅਦ, ਮੌਕੇ ‘ਤੇ ਮੌਜੂਦ ਚੰਨੀ ਸਮਰਥਕਾਂ ਨੇ “ਚੰਨੀ ਜ਼ਿੰਦਾਬਾਦ!” ਦੇ ਨਾਅਰੇ ਲਗਾਏ।
ਉਪਰੋਂ ਵੇਖਣ ‘ਤੇ ਇਹ ਘਟਨਾ ਭਾਵੇਂ ਹਾਸੋਹੀਣੀ ਲੱਗਦੀ ਹੋਵੇ, ਪਰ ਕਾਂਗਰਸ ਪਾਰਟੀ ਦੀ ਅੰਦਰੂਨੀ ਰਾਜਨੀਤਿਕ ਗਤੀਸ਼ੀਲਤਾ ਦੇ ਮੱਦੇਨਜ਼ਰ ਇਸ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਜਿੱਥੇ ਪਾਰਟੀ ਹਾਈਕਮਾਨ ਅਤੇ ਪੰਜਾਬ ਕਾਂਗਰਸ ਵਰਕਰਾਂ ਨੂੰ ਇੱਕਜੁੱਟ ਹੋਣ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ, ਉੱਥੇ ਹੀ ਮੀਟਿੰਗ ਵਿੱਚ ਇੱਕ ਵੱਖਰੇ ਆਗੂ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਨੇ ਪਾਰਟੀ ਅੰਦਰ ਧੜੇਬੰਦੀ ਨੂੰ ਫਿਰ ਤੋਂ ਧਿਆਨ ਵਿੱਚ ਲਿਆਂਦਾ ਹੈ।