- Updated: March 28, 2025 06:34 PM
ਬਟਾਲਾ ਦੇ ਇਕ ਪੈਲੇਸ ’ਚ ਵਿਆਹ ਸਮਾਗਮ ’ਚ ਸਰਪੰਚ ਨੂੰ ਭੰਗੜਾ ਪਾਉਂਦਿਆਂ ਹਵਾਈ ਫਾਇਰ ਕਰਨਾ ਅਤੇ ਹਥਿਆਰ ਲਹਿਰਾਉਣਾ ਮਹਿੰਗਾ ਪੈ ਗਿਆ ਹੈ। ਥਾਣਾ ਸਿਵਲ ਲਾਈਨ ਦੀ ਪੁਲਸ ਨੇ ਵਿਆਹ ਸਮਾਗਮ ਵਿਚ ਹਵਾਈ ਫਾਇਰ ਕਰਨ ਵਾਲੇ ਸਰਪੰਚ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਐੱਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਥਾਨਕ ਪੁਰਾਣਾ ਬਾਈਪਾਸ ਸਥਿਤ ਇਕ ਪੈਲੇਸ ਵਿਚ ਬਰਾਤ ਆਈ ਹੈ ਅਤੇ ਮੁੰਡੇ ਪਰਿਵਾਰ ਵਲੋਂ ਉਮ ਪ੍ਰਕਾਸ਼ ਸਰਪੰਚ ਵਾਸੀ ਕਿਲਾ ਲਾਲ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸ਼ਾਮਿਲ ਹੋਇਆ ਹੈ ਅਤੇ ਸਰਪੰਚ ਨੇ ਬਰਾਤ ’ਚ ਸਾਕ ਸਬੰਧੀਆਂ ਦੇ ਨਾਲ ਭੰਗੜਾ ਪਾਉਂਦੇ ਸਮੇਂ ਆਪਣੇ ਪਿਸਤੌਲ ਨਾਲ ਹਵਾਈ ਫਾਇਰ ਕੀਤਾ, ਜਿਸ ਨਾਲ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਮੈਰਿਜ ਪੈਲੇਸਾਂ ਵਿਚ ਹਥਿਆਰ ਲਿਜਾਣ ਅਤੇ ਫਾਇਰ ਕਰਨ ਸਬੰਧੀ ਮਨਾਈ ਹੈ, ਜਿਸ ਦੀ ਮੌਜੂਦਾ ਸਰਪੰਚ ਨੇ ਸ਼ਰੇਆਮ ਉਲੰਘਣਾ ਕੀਤੀ ਹੈ। ਐੱਸ.ਆਈ. ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਖੇ ਉਕਤ ਸਰਪੰਚ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਦੱਸਣ ਯੋਗ ਹੈ ਕਿ ਪਿਛਲੇ ਸਮੇਂ ’ਚ ਮੈਰਿਜ ਪੈਲੇਸਾਂ ’ਚ ਖੁਸ਼ੀ ਮਨਾਉਂਦੇ ਗੋਲੀ ਲੱਗਣ ਨਾਲ ਕਈ ਘਟਨਾਵਾਂ ਵਾਪਰੀਆਂ ਹਨ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੈਰਿਜ ਪੈਲੇਸਾਂ ’ਚ ਗੋਲੀਆਂ ਚਲਾਉਣੀਆਂ ਅਤੇ ਹਥਿਆਰਾਂ ਦੀ ਨੁਮਾਇਸ ਕਰਨ ਦੀ ਸਖ਼ਤ ਮਨਾਈ ਕੀਤੀ ਹੋਈ ਹੈ।