- Updated: December 03, 2023 09:20 PM
ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਦਿੱਲੀ ਸਥਿਤ ਘਰ ਦੇ ਬਾਹਰ ਅਣਪਛਾਤਿਆਂ ਨੇ ਗੋਲ਼ੀਆਂ ਚਲਾ ਦਿੱਤੀਆਂ ਹਨ। ਕੁਝ ਮਹੀਨੇ ਪਹਿਲਾਂ ਫਰੀਦਕੋਟ ਦੇ ਰਹਿਣ ਵਾਲੇ ਇਸ ਸ਼ਰਾਬ ਕਾਰੋਬਾਰੀ ਦੀਆਂ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਪਿੱਛੇ ਗੈਂਗਸਟਰ ਗੋਲਡੀ ਬਰਾੜ ਦਾ ਹੱਥ ਦੱਸਿਆ ਜਾ ਰਿਹਾ ਸੀ, ਜਿਸ ਦਾ ਇਕ ਆਡੀਓ ਸੰਦੇਸ਼ ਵੀ ਵਾਇਰਲ ਹੋਇਆ ਸੀ, ਜਿਸ ਵਿੱਚ ਪੈਸਿਆਂ ਦੀ ਮੰਗ ਕੀਤੀ ਗਈ ਸੀ। ਫਰੀਦਕੋਟ ਪੁਲਸ ਨੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ, ਜਿਸ ਵਿੱਚ ਗੋਲਡੀ ਬਰਾੜ ਦਾ ਨਾਂ ਵੀ ਸ਼ਾਮਲ ਸੀ।
ਦੱਸ ਦੇਈਏ ਕਿ ਦੀਪ ਮਲਹੋਤਰਾ ਦਾ ਨਾਂ ਦਿੱਲੀ ਅਤੇ ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀਆਂ ਵਿੱਚ ਗਿਣਿਆ ਜਾਂਦਾ ਹੈ। ਦੋਵਾਂ ਰਾਜਾਂ ਵਿੱਚ ਸ਼ਰਾਬ ਦੇ ਵੱਡੇ ਕਾਰੋਬਾਰ ’ਤੇ ਉਸ ਦੇ ਗਰੁੱਪ ਦਾ ਕੰਟਰੋਲ ਹੈ। ਉਨ੍ਹਾਂ ਦਾ ਜੱਦੀ ਘਰ ਫਰੀਦਕੋਟ ਵਿੱਚ ਹੈ। ਉਹ ਸਾਲ 2012 ਵਿੱਚ ਫਰੀਦਕੋਟ ਦੇ ਵਿਧਾਇਕ ਵੀ ਰਹਿ ਚੁੱਕੇ ਹਨ।
ਪੰਜਾਬੀ ਬਾਗ ਵਿਖੇ ਦੀਪ ਮਲਹੋਤਰਾ (ਸਾਬਕਾ ਵਿਧਾਇਕ, ਫਰੀਦਕੋਟ) ਦੇ ਘਰ ਦੇ ਬਾਹਰ ਗੋਲ਼ੀਬਾਰੀ ਦੀ ਘਟਨਾ ਸਬੰਧੀ ਅੱਜ ਸ਼ਾਮ ਐੱਸ.ਐੱਚ.ਓ. ਪੰਜਾਬੀ ਬਾਗ ਨੂੰ ਸੂਚਨਾ ਮਿਲੀ। ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ। ਜਾਂਚ ਕਰਨ 'ਤੇ ਮੌਕੇ 'ਤੇ ਕੁਝ ਖਾਲੀ ਕਾਰਤੂਸ ਮਿਲੇ ਹਨ। ਮੁੱਢਲੀ ਪੁੱਛਗਿੱਛ 'ਚ ਇਹ ਸਾਹਮਣੇ ਆਇਆ ਹੈ ਕਿ ਉਕਤ ਵਿਅਕਤੀ ਪੈਦਲ ਆਏ ਤੇ ਘਰ ਦੇ ਸਾਹਮਣੇ ਹਵਾ 'ਚ ਫਾਇਰਿੰਗ ਕਰਕੇ ਫਰਾਰ ਹੋ ਗਏ। ਕੋਈ ਜ਼ਖ਼ਮੀ ਨਹੀਂ ਹੋਇਆ ਹੈ।
ਸ਼ਿਕਾਇਤਕਰਤਾ ਨੂੰ ਅੱਜ ਕਿਸੇ ਤਰ੍ਹਾਂ ਦੀ ਧਮਕੀ ਮਿਲਣ ਦੀ ਕੋਈ ਸੂਚਨਾ ਨਹੀਂ ਹੈ। ਹਾਲਾਂਕਿ, ਇਸ ਪਹਿਲੂ 'ਤੇ ਗੌਰ ਕੀਤਾ ਜਾ ਰਿਹਾ ਹੈ। ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਕ੍ਰਾਈਮ ਟੀਮ ਨੂੰ ਬਾਰੀਕੀ ਨਾਲ ਜਾਂਚ ਲਈ ਮੌਕੇ 'ਤੇ ਬੁਲਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਪੁਲਸ ਟੀਮਾਂ ਨੂੰ ਕੰਮ ਸੌਂਪਿਆ ਗਿਆ ਹੈ।