ਅਮਰੀਕਾ ’ਚ ਫੁੱਟਪਾਥ ’ਤੇ ਜਾ ਰਹੇ ਲੋਕਾਂ ਨੂੰ ਤੇਜ਼ ਰਫ਼ਤਾਰ ਐਸ.ਯੂ.ਵੀ. ਨੇ ਕੁਚਲਿਆ

ਅਮਰੀਕਾ ’ਚ ਫੁੱਟਪਾਥ ’ਤੇ ਜਾ ਰਹੇ ਲੋਕਾਂ ਨੂੰ ਤੇਜ਼ ਰਫ਼ਤਾਰ ਐਸ.ਯੂ.ਵੀ. ਨੇ ਕੁਚਲਿਆ

ਅਮਰੀਕਾ ਦੇ ਨੌਰਥ ਹਾਲੀਵੁੱਡ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਐਸ.ਯੂ.ਵੀ. ਨੇ ਮੈਟਰੋ ਸਟੇਸ਼ਨ ਨੇੜੇ ਫੁੱਟਪਾਥ ’ਤੇ ਚੱਲ ਰਹੇ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। 

ਲਾਸ ਏਂਜਲਸ ਫਾਇਰ ਡਿਪਾਰਟਮੈਂਟ ਮੁਤਾਬਕ, ਇਹ ਹਾਦਸਾ ਮੰਗਲਵਾਰ ਸ਼ਾਮ ਕਰੀਬ 5:55 ਵਜੇ ਨੌਰਥ ਲੈਂਕਰਸ਼ਿਮ ਬੁਲੇਵਾਰਡ ਅਤੇ ਵੈਡਿੰਗਟਨ ਸਟਰੀਟ ਨੇੜੇ ਵਾਪਰਿਆ। ਇੱਕ ਚਿੱਟੇ ਰੰਗ ਦੀ ਐਸ.ਯੂ.ਵੀ. ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਖਾਣ-ਪੀਣ ਦੇ ਸਟਾਲ ਅਤੇ ਉੱਥੇ ਮੌਜੂਦ ਲੋਕਾਂ ਵਿੱਚ ਜਾ ਵੜੀ। ਇਸ ਦੌਰਾਨ ਘੱਟੋ-ਘੱਟ ਛੇ ਪੈਦਲ ਯਾਤਰੀ ਇਸ ਦੀ ਲਪੇਟ ਵਿੱਚ ਆ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ। ਐਮਰਜੈਂਸੀ ਟੀਮਾਂ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਤਿੰਨ ਲੋਕਾਂ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਘੱਟੋ-ਘੱਟ ਤਿੰਨ ਹੋਰਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਵਿੱਚ ਗੱਡੀ ਦਾ ਡਰਾਈਵਰ ਵੀ ਸ਼ਾਮਲ ਹੈ।

ਲਾਸ ਏਂਜਲਸ ਪੁਲਿਸ ਵਿਭਾਗ ਦੇ ਕੈਪਟਨ ਵਾਰਨਰ ਕੈਸਟੀਲੋ ਨੇ ਮੰਗਲਵਾਰ ਰਾਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਾਦਸਾ ਜਾਣਬੁੱਝ ਕੇ ਕੀਤਾ ਗਿਆ ਜਾਂ ਇਹ ਮਹਿਜ਼ ਇੱਕ ਦੁਰਘਟਨਾ ਸੀ। ਉਨ੍ਹਾਂ ਦੱਸਿਆ ਕਿ ਡਰਾਈਵਰ ਦੀ ਉਮਰ 60 ਸਾਲ ਤੋਂ ਵੱਧ ਹੈ ਅਤੇ ਉਸ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਉਹ ਨਸ਼ੇ ਦੀ ਹਾਲਤ ਵਿੱਚ ਤਾਂ ਗੱਡੀ ਨਹੀਂ ਚਲਾ ਰਿਹਾ ਸੀ। ਲਾਸ ਏਂਜਲਸ ਦੀ ਮੇਅਰ ਕੈਰਨ ਬਾਸ ਨੇ ਕਿਹਾ ਕਿ ਹਾਦਸੇ ਵਿੱਚ ਸਟਰੀਟ ਵਿਕਰੇਤਾ ਅਤੇ ਪੈਦਲ ਯਾਤਰੀ ਵੀ ਪੀੜਤ ਹੋਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕਰਦਿਆਂ ਕਿਹਾ ਕਿ ਇਸ ਹਾਦਸੇ ਨਾਲ ਪ੍ਰਭਾਵਿਤ ਸਾਰੇ ਪਰਿਵਾਰਾਂ ਦੇ ਦੁੱਖ ਵਿੱਚ ਉਹ ਸ਼ਾਮਲ ਹਨ। ਉੱਧਰ, ਲਾਸ ਏਂਜਲਸ ਪੁਲਿਸ ਮੁਖੀ ਜਿਮ ਮੈਕਡੋਨਲ ਨੇ ਕਿਹਾ ਕਿ ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰੇਗੀ। ਉਨ੍ਹਾਂ ਮੁਤਾਬਕ, ਮਾਮਲੇ ਦੀ ਜਾਂਚ ਲੰਬੀ ਹੋ ਸਕਦੀ ਹੈ, ਪਰ ਇਸ ਨੂੰ ਬਹੁਤ ਧਿਆਨ ਨਾਲ ਅੱਗੇ ਵਧਾਇਆ ਜਾਵੇਗਾ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।