ਅੰਸਾਰੀ ਦੀ ਮੌਤ ਦਾ ਸੱਚ ਸਾਹਮਣੇ ਆਇਆ, ਵਿਸਰਾ ਰਿਪੋਰਟ ''ਚ ਹੈਰਾਨ ਕਰਨ ਵਾਲੇ ਖੁਲਾਸੇ

ਅੰਸਾਰੀ ਦੀ ਮੌਤ ਦਾ ਸੱਚ ਸਾਹਮਣੇ ਆਇਆ, ਵਿਸਰਾ ਰਿਪੋਰਟ ''ਚ ਹੈਰਾਨ ਕਰਨ ਵਾਲੇ ਖੁਲਾਸੇ

ਬਾਹੂਬਲੀ ਮੁਖਤਾਰ ਅੰਸਾਰੀ ਦੀ ਮੌਤ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁਖਤਾਰ ਦੇ ਵਿਸਰਾ ਜਾਂਚ ਕੀਤੀ ਗਈ ਸੀ, ਜਿਸ ਵਿਚ ਕੋਈ ਜ਼ਹਿਰ ਨਹੀਂ ਮਿਲਿਆ। ਵਿਸਰਾ ਰਿਪੋਰਟ ਨੂੰ ਫਿਲਹਾਲ ਨਿਆਂਇਕ ਟੀਮ ਨੂੰ ਸੌਂਪ ਦਿੱਤਾ ਗਿਆ ਹੈ। ਹੁਣ ਜਾਂਚ ਟੀਮ ਪੂਰੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਸੌਂਪੇਗੀ।

ਮੁਖਤਾਰ ਅੰਸਾਰੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਜੇਲ 'ਚ ਜ਼ਹਿਰ ਦੇਣ ਦਾ ਆਰੋਪ ਲਗਾਇਆ ਸੀ, ਜਿਸ ਤੋਂ ਬਾਅਦ ਇਸ ਸਬੰਧ 'ਚ ਪ੍ਰਸ਼ਾਸਨਿਕ ਅਤੇ ਨਿਆਂਇਕ ਜਾਂਚ ਸ਼ੁਰੂ ਹੋਈ  ਸੀ। ਇਸ ਤੋਂ ਪਹਿਲਾਂ ਮੁਖਤਾਰ ਅੰਸਾਰੀ ਦੀ ਪੋਸਟ ਮਾਰਟਮ ਰਿਪੋਰਟ ਵਿੱਚ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਪੁਸ਼ਟੀ ਹੋਈ ਸੀ, ਜਿਸ ਦੇ ਬਾਵਜੂਦ ਜੇਲ੍ਹ ਵਿੱਚ ਜ਼ਹਿਰ ਦਿੱਤੇ ਜਾਣ ਦੇ ਆਰੋਪਾਂ ਦੀ ਵਜ੍ਹਾ ਕਾਰਨ ਵਿਸੇਰਾ ਨੂੰ ਜਾਂਚ ਲਈ ਲਖਨਊ ਭੇਜਿਆ ਗਿਆ ਸੀ।

ਦੱਸ ਦੇਈਏ ਕਿ ਬਾਂਦਾ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਦੀ ਸਿਹਤ 28 ਮਾਰਚ ਨੂੰ ਵਿਗੜ ਗਈ ਸੀ। ਇਸ ਤੋਂ ਬਾਅਦ ਉਸ ਨੂੰ ਬਾਂਦਾ  ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਪਰ ਪਰਿਵਾਰਕ ਮੈਂਬਰਾਂ ਨੇ ਜ਼ਹਿਰ ਦੇਣ ਦਾ ਆਰੋਪ ਲਾਇਆ ਸੀ। ਇਸ ਤੋਂ ਬਾਅਦ 29 ਮਾਰਚ ਨੂੰ ਦੇਰ ਰਾਤ ਮੁਖਤਾਰ ਦੀ ਮ੍ਰਿਤਿਕ ਦੇਹ ਨੂੰ ਗਾਜ਼ੀਪੁਰ ਜੱਦੀ ਘਰ ਲਿਜਾਇਆ ਗਿਆ, ਜਿੱਥੇ 30 ਮਾਰਚ ਦੀ ਸਵੇਰ ਨੂੰ ਕਾਲੀਬਾਗ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਪਤਾ ਲੱਗਾ ਹੈ ਕਿ ਮੁਖਤਾਰ ਅੰਸਾਰੀ ਖਿਲਾਫ 60 ਤੋਂ ਵੱਧ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਅਗਵਾ, ਧੋਖਾਧੜੀ, ਗੁੰਡਾ ਐਕਟ, ਆਰਮਜ਼ ਐਕਟ, ਗੈਂਗਸਟਰ ਐਕਟ, ਸੀਐਲਏ ਐਕਟ ਅਤੇ ਐਨਐਸਏ ਸ਼ਾਮਲ ਹਨ। ਇਨ੍ਹਾਂ 'ਚੋਂ 8 ਮਾਮਲਿਆਂ 'ਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਕਿਸੇ ਦੀ ਮੌਤ ਤੋਂ ਬਾਅਦ ਜੇਕਰ ਪੁਲਿਸ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਦੀ ਹੈ ਤਾਂ ਇਸ ਦੌਰਾਨ ਮ੍ਰਿਤਕ ਦੇ ਸਰੀਰ ਦੇ ਅੰਗਾਂ ਜਿਵੇਂ ਕਿ ਅੰਤੜੀ, ਦਿਲ, ਗੁਰਦਾ, ਜਿਗਰ ਆਦਿ ਦੇ ਸੈਂਪਲ ਲਏ ਜਾਂਦੇ ਹਨ, ਜਿਸ ਨੂੰ ਵਿਸਰਾ ਕਿਹਾ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਂਦੀ ਹੈ। ਜੇਕਰ ਪੁਲਿਸ ਜਾਂ ਪਰਿਵਾਰ ਨੂੰ ਉਸਦੀ ਮੌਤ ਪਿੱਛੇ ਕਿਸੇ ਕਿਸਮ ਦਾ ਸ਼ੱਕ ਹੈ ਤਾਂ ਅਜਿਹੇ ਮਾਮਲਿਆਂ ਵਿੱਚ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵਿਸਰਾ ਦੀ ਜਾਂਚ ਕੀਤੀ ਜਾਂਦੀ ਹੈ।