- Updated: November 18, 2023 05:51 PM
ਐੱਸ. ਏ. ਐੱਸ. ਨਗਰ ਪੁਲਸ ਨੇ ਇਕ ਹੋਰ ਵੱਡੀ ਸਫਲਤਾ ਹਾਸਿਲ ਕਰਦਿਆਂ ਜ਼ੀਰਕਪੁਰ ਪੁਲਸ ਦੀਆਂ ਟੀਮਾਂ ਨੇ ਗੈਂਗਸਟਰ ਗੋਲਡੀ ਬਰਾੜ ਅਤੇ ਸਾਬਾ ਯੂ. ਐੱਸ. ਏ. ਦੇ ਤਿੰਨ ਹੋਰ ਸਾਥੀਆਂ ਨੂੰ ਹਾਲ ਹੀ ਵਿਚ ਗ੍ਰਿਫਤਾਰ ਕੀਤੇ ਗਏ ਸ਼ੂਟਰਾਂ ਮਨਜੀਤ ਉਰਫ ਗੁਰੀ ਅਤੇ ਗੁਰਪਾਲ ਸਿੰਘ ਨੂੰ ਹਥਿਆਰ ਅਤੇ ਅਸਲਾ ਸਪਲਾਈ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ। ਡਾ. ਸੰਦੀਪ ਗਰਗ, ਆਈ.ਪੀ.ਐਸ., ਐਸ ਐੱਸ. ਪੀ ਐੱਸ. ਏ. ਐੱਸ. ਨਗਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਤਿੰਨਾਂ ਮਸ਼ਕੂਕਾਂ ਦੀ ਪਛਾਣ ਅਭਿਸ਼ੇਕ ਰਾਣਾ ਵਾਸੀ ਪਿੰਡ ਰਣਖੰਡੀ, ਸਹਾਰਨਪੁਰ ਯੂ. ਪੀ, ਅੰਕਿਤ ਕੁਮਾਰ ਵਾਸੀ ਪਿੰਡ ਮੈਨਪੁਰੀ, ਐੱਸ. ਏ. ਐੱਸ. ਨਗਰ ਅਤੇ ਪ੍ਰਵੀਨ ਕੁਮਾਰ ਵਾਸੀ ਲਾਲੜੂ, ਐੱਸ. ਏ. ਐੱਸ. ਨਗਰ ਵਜੋਂ ਹੋਈ ਹੈ।
ਐੱਸ. ਐੱਸ. ਪੀ. ਡਾ. ਗਰਗ ਨੇ ਅੱਗੇ ਦੱਸਿਆ ਕਿ ਜ਼ੀਰਕਪੁਰ ਪੁਲਸ ਦੀਆਂ ਟੀਮਾਂ ਨੇ ਗੋਲਡੀ ਬਰਾੜ ਅਤੇ ਸਾਬਾ ਯੂ ਐਸ ਏ ਵਲੋਂ ਟ੍ਰਾਈਸਿਟੀ ਵਿਚ ਸਨਸਨੀਖੇਜ਼ ਅਪਰਾਧ ਕਰਨ ਲਈ ਭੇਜੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਇੰਕਸਾਫ ਹੋਇਆ ਹੈ। ਸ਼ੂਟਰ ਮਨਜੀਤ ਉਰਫ ਗੁਰੀ ਨੂੰ 6 ਨਵੰਬਰ, 2023 ਨੂੰ ਵਿਸ਼ੇਸ਼ ਗਸ਼ਤ ਦੌਰਾਨ ਵੀ.ਆਈ.ਪੀ ਰੋਡ ਜ਼ੀਰਕਪੁਰ ਵਿਖੇ ਇਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਉਸਦਾ ਇਕ ਹੋਰ ਸਾਥੀ ਗੁਰਪਾਲ ਜੋ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ ਸੀ, ਨੂੰ ਬਾਅਦ ਵਿਚ 16 ਨਵੰਬਰ, 2023 ਨੂੰ ਰਣਖੰਡੀ, ਜ਼ਿਲ੍ਹਾ ਸਹਾਰਨਪੁਰ, ਯੂ. ਪੀ. ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਕੋਲੋਂ ਕੁੱਲ , 03 ਅਤਿ ਆਧੁਨਿਕ ਪਿਸਤੌਲ ਬਰਾਮਦ ਕੀਤੇ ਗਏ ਹਨ ਅਤੇ ਇਕ ਐੱਫ.ਆਈ.ਆਰ. 331 ਅਧੀਨ ਧਰਾਵਾਂ 307, 353, 186 ਆਈ ਪੀ ਸੀ ਅਤੇ 25 ਅਸਲਾ ਐਕਟ ਥਾਣਾ ਜ਼ੀਰਕਪੁਰ ਵਿਖੇ ਦਰਜ ਕੀਤਾ ਗਿਆ।
ਅਗਲੇਰੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਤਿੰਨ ਹੋਰ ਸਾਥੀਆਂ ਅਭਿਸ਼ੇਕ, ਅੰਕਿਤ ਅਤੇ ਪ੍ਰਵੀਨ ਨੇ ਸ਼ੂਟਰਾਂ ਨੂੰ ਹਥਿਆਰ ਅਤੇ ਗੋਲੀ-ਸਿੱਕਾ ਮੁਹੱਈਆ ਕਰਵਾਇਆ ਸੀ। ਇਨ੍ਹਾਂ ਖੁਲਾਸਿਆਂ 'ਤੇ ਅੱਗੇ ਕਾਰਵਾਈ ਕਰਦੇ ਹੋਏ, ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਮਨਪ੍ਰੀਤ ਸਿੰਘ, ਪੀ. ਪੀ. ਐੱਸ, ਐੱਸ. ਪੀ (ਰੂਰਲ) ਅਤੇ ਬਿਕਰਮਜੀਤ ਸਿੰਘ ਬਰਾੜ, ਪੀ ਪੀ ਐੱਸ, ਡੀ ਐੱਸ ਪੀ ਜ਼ੀਰਕਪੁਰ ਦੀ ਨਿਗਰਾਨੀ ਹੇਠ ਟੀਮਾਂ ਦਾ ਗਠਨ ਕੀਤਾ ਗਿਆ ਸੀ। ਸੂਚਨਾਵਾਂ ਦੇ ਆਧਾਰ ਤੇ ਇੰਸਪੈਕਟਰ ਸਿਮਰਜੀਤ ਸਿੰਘ (ਐੱਸ.ਐੱਚ.ਓ. ਜ਼ੀਰਕਪੁਰ) ਅਤੇ ਹੋਰ ਅਧਿਕਾਰੀਆਂ ਦੀ ਅਗਵਈ ਵਾਲੀਆਂ ਟੀਮਾਂ ਨੇ ਕੱਲ੍ਹ ਵੱਖ-ਵੱਖ ਥਾਵਾਂ ਤੋਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ।