- Updated: February 07, 2024 05:53 PM
ਅਬੋਹਰ ਦੇ ਸਥਾਨਕ ਪੁਲਿਸ ਹੋਮਗਾਰਡ ਵਲੋਂ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦਾ ਪਤਾ ਲੱਗਣ 'ਤੇ ਨੌਜਵਾਨ ਦੇ ਪਿਤਾ ਦੀ ਸਦਮੇ 'ਚ ਮੌਤ ਹੋ ਗਈ। ਜਿਸ ਕਾਰਨ ਪੂਰਾ ਪਰਿਵਾਰ ਬਹੁਤ ਸਦਮੇ ਵਿਚ ਹੈ ਨਾਲ ਹੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਧੋਖੇਬਾਜ਼ ਟਰੈਵਲ ਏਜੰਟਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਥਾਣਾ ਸਦਰ ਰੋਡ 'ਤੇ ਕੁਆਰਟਰਾਂ 'ਚ ਰਹਿੰਦੇ ਮੇਜਰ ਸਿੰਘ ਹੋਮਗਾਰਡ ਦੀ ਪੁੱਤਰੀ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਗਗਨਦੀਪ ਸਿੰਘ ਨੂੰ ਕੁਝ ਮਹੀਨੇ ਪਹਿਲਾਂ ਉਸ ਦੇ ਪਿਤਾ ਨੇ ਆਪਣਾ ਜੱਦੀ ਘਰ ਵੇਚ ਕੇ ਸਾਰਾ ਪੈਸਾ ਲਗਾ ਕੇ ਇੰਗਲੈਂਡ ਭੇਜਿਆ ਸੀ |
ਰਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਅਰਨੀਵਾਲਾ ਦੀ ਇਕ ਟਰੈਵਲ ਏਜੰਸੀ ਰਾਹੀਂ ਆਪਣੇ ਭਰਾ ਨੂੰ ਯੂ.ਕੇ ਭੇਜਣ ਲਈ ਇਮੀਗ੍ਰੇਸ਼ਨ ਲਈ ਅਰਜ਼ੀ ਦਿਤੀ ਸੀ ਅਤੇ ਕੰਪਨੀ ਨੇ ਉਸ ਤੋਂ ਕਰੀਬ 24.5 ਲੱਖ ਰੁਪਏ ਲੈ ਲਏ ਸਨ। ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਨੇ ਫ਼ੋਨ ਕਰ ਕੇ ਦੱਸਿਆ ਕਿ ਉਸ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਬਹੁਤ ਪ੍ਰੇਸ਼ਾਨ ਹੈ ਅਤੇ ਉੱਥੇ ਦੇ ਅਧਿਕਾਰੀ ਉਸ ਨੂੰ ਟੈਕਸ ਜਮ੍ਹਾਂ ਕਰਵਾਉਣ ਲਈ ਤੰਗ-ਪ੍ਰੇਸ਼ਾਨ ਕਰ ਰਹੇ ਹਨ ਕਿਉਂਕਿ ਇਮੀਗ੍ਰੇਸ਼ਨ ਵਾਲਿਆਂ ਨੇ ਉਸ ਨੂੰ ਸਹੀ ਤਰੀਕੇ ਨਾਲ ਵਿਦੇਸ਼ ਭੇਜਣ ਦੀ ਬਜਾਏ ਗਲਤ ਤਰੀਕੇ ਨਾਲ ਉੱਥੇ ਭੇਜ ਦਿਤਾ ਹੈ। ਇਸ ਕਾਰਨ ਉਸ ਦਾ ਪਿਤਾ ਕਾਫੀ ਸਮੇਂ ਤੋਂ ਡਿਪ੍ਰੈਸ਼ਨ 'ਚ ਰਹਿ ਰਿਹਾ ਸੀ ਅਤੇ ਇਸੇ ਸਦਮੇ ਕਾਰਨ ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ।
ਰਮਨਦੀਪ ਨੇ ਦੱਸਿਆ ਕਿ ਟਰੈਵਲ ਏਜੰਟ ਵੱਲੋਂ ਕੀਤੀ ਜਾ ਰਹੀ ਠੱਗੀ ਬਾਰੇ ਉਸ ਨੇ 26 ਦਸੰਬਰ ਨੂੰ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਅੱਜ ਤੱਕ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨਾਲ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਜਾਣ ਅਤੇ ਉਨ੍ਹਾਂ ਦੇ ਭਰਾ ਨੂੰ ਇਨਸਾਫ਼ ਦਿਵਾਇਆ ਜਾਵੇ।