ਗਾਂਧੀਨਗਰ ਲੋਕ ਸਭਾ ਸੀਟ ਤੋਂ ਅਮਿਤ ਸ਼ਾਹ ਨੇ ਭਰੀ ਨਾਮਜ਼ਦਗੀ ,7 ਮਈ ਨੂੰ ਪੈਣਗੀਆਂ ਵੋਟਾਂ

 ਗਾਂਧੀਨਗਰ ਲੋਕ ਸਭਾ ਸੀਟ ਤੋਂ ਅਮਿਤ ਸ਼ਾਹ ਨੇ ਭਰੀ ਨਾਮਜ਼ਦਗੀ ,7 ਮਈ ਨੂੰ ਪੈਣਗੀਆਂ ਵੋਟਾਂ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਦੀ ਰਵਾਇਤੀ ਗਾਂਧੀਨਗਰ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਗਾਂਧੀਨਗਰ ਸੀਟ ਲਈ ਤੀਜੇ ਪੜਾਅ 'ਚ 7 ਮਈ ਨੂੰ ਵੋਟਿੰਗ ਹੋਵੇਗੀ। ਨਾਮਜ਼ਦਗੀ ਭਰਨ ਤੋਂ ਬਾਅਦ ਅਮਿਤ ਸ਼ਾਹ ਨੇ ਕਿਹਾ ਕਿ ਜਿਸ ਸੀਟ ਦੀ ਪ੍ਰਤੀਨਿਧਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕੀਤੀ ਹੋਵੇ ,ਉਸ ਸੀਟ ਦੀ ਪ੍ਰਤੀਨਿਧਤਾ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਲਈ ਬਹੁਤ ਕੰਮ ਕੀਤੇ ਹਨ।

ਉਨ੍ਹਾਂ ਨੇ ਗਾਂਧੀਨਗਰ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਦੇ ਹੋਏ ਕਿਹਾ, 'ਅੱਜ ਮੈਂ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਦੋਵੇਂ ਇੰਚਾਰਜਾਂ ਦੇ ਨਾਲ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਥੋਂ ਦੇ ਵੋਟਰ ਹਨ। ਇਸ ਸੀਟ ਦੀ ਨੁਮਾਇੰਦਗੀ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕੀਤੀ ਸੀ। ਉਥੋਂ ਮੈਨੂੰ ਨੁਮਾਇੰਦਗੀ ਦਾ ਮੌਕਾ ਮਿਲਿਆ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ।

2019 'ਚ ਦਰਜ ਕੀਤੀ ਸੀ ਸ਼ਾਨਦਾਰ ਜਿੱਤ

ਦੱਸ ਦੇਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਤਤਕਾਲੀ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਗੁਜਰਾਤ ਦੀ ਗਾਂਧੀਨਗਰ ਸੀਟ ਤੋਂ 8 ਲੱਖ 90 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਸਨ। 2019 ਦੀਆਂ ਚੋਣਾਂ ਵਿੱਚ ਸ਼ਾਹ ਦੇ ਵਿਰੋਧੀ ਕਾਂਗਰਸ ਦੇ ਡਾਕਟਰ ਸੀਜੇ ਚਾਵੜਾ ਸਨ। ਉਨ੍ਹਾਂ ਨੂੰ ਕਰੀਬ 3 ਲੱਖ ਵੋਟਾਂ ਮਿਲੀਆਂ ਸਨ। ਅਮਿਤ ਸ਼ਾਹ ਨੇ ਇਹ ਸੀਟ 5 ਲੱਖ 50 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਇਸ ਚੋਣ 'ਚ ਅਮਿਤ ਸ਼ਾਹ ਗਾਂਧੀਨਗਰ ਸੀਟ 'ਤੇ ਕਰੀਬ 70 ਫੀਸਦੀ ਵੋਟਾਂ ਹਾਸਲ ਕਰਨ 'ਚ ਸਫਲ ਰਹੇ।

ਲਾਲ ਕ੍ਰਿਸ਼ਨ ਅਡਵਾਨੀ ਦੀ ਸੀਟ ਰਹੀ ਹੈ ਗਾਂਧੀਨਗਰ

ਅਮਿਤ ਸ਼ਾਹ ਤੋਂ ਪਹਿਲਾਂ ਗੁਜਰਾਤ ਦੀ ਗਾਂਧੀਨਗਰ ਸੀਟ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਸੀ। ਅਡਵਾਨੀ ਇਸ ਸੀਟ ਤੋਂ 6 ਵਾਰ ਚੋਣ ਜਿੱਤ ਚੁੱਕੇ ਹਨ। ਉਸਨੇ ਪਹਿਲੀ ਵਾਰ 1991 ਵਿੱਚ ਇਸ ਖੇਤਰ ਦੀ ਨੁਮਾਇੰਦਗੀ ਕੀਤੀ ਸੀ। ਉਹ ਪਿਛਲੇ ਪੰਜ ਵਾਰ ਇਸ ਲੋਕ ਸਭਾ ਸੀਟ ਤੋਂ ਜਿੱਤਦੇ ਆ ਰਹੇ ਸਨ। 2019 ਵਿੱਚ ਅਮਿਤ ਸ਼ਾਹ ਨੇ ਇਸ ਸੀਟ 'ਤੇ 5 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕਰਕੇ ਅਡਵਾਨੀ (4.83 ਲੱਖ ਵੋਟਾਂ ਨਾਲ ਜਿੱਤ) ਦਾ ਰਿਕਾਰਡ ਤੋੜਿਆ ਸੀ।

ਗੁਜਰਾਤ ਵਿੱਚ ਤੀਜੇ ਪੜਾਅ ਵਿੱਚ ਵੋਟਿੰਗ ਹੋਵੇਗੀ

ਗੁਜਰਾਤ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ ਲਈ ਇੱਕੋ ਦਿਨ ਵੋਟਿੰਗ ਹੋਵੇਗੀ। ਤੀਜੇ ਪੜਾਅ ਵਿੱਚ ਗੁਜਰਾਤ ਦੀਆਂ ਸਾਰੀਆਂ ਸੀਟਾਂ 'ਤੇ 7 ਮਈ ਨੂੰ ਵੋਟਿੰਗ ਹੋਵੇਗੀ। ਦੇਸ਼ ਦੀਆਂ ਸਾਰੀਆਂ 543 ਲੋਕ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।