‘‘ਅੱਜ ਮੰਡੀ ਵਿੱਚ ਕੀ ਭਾਅ ਚੱਲ ਰਿਹਾ ਹੈ?’’, ਕੰਗਣਾ ਰਣਾਉਤ ‘ਤੇ ਕਾਂਗਰਸੀ ਨੇਤਾ ਦੀ ਇਤਰਾਜ਼ਯੋਗ ਟਿੱਪਣੀ,ਕੰਗਨਾ ਰਣੌਤ ਨੇ ਦਿਤਾ ਮੋੜਵਾਂ ਜਵਾਬ

‘‘ਅੱਜ ਮੰਡੀ ਵਿੱਚ ਕੀ ਭਾਅ ਚੱਲ ਰਿਹਾ ਹੈ?’’, ਕੰਗਣਾ ਰਣਾਉਤ ‘ਤੇ ਕਾਂਗਰਸੀ ਨੇਤਾ ਦੀ ਇਤਰਾਜ਼ਯੋਗ ਟਿੱਪਣੀ,ਕੰਗਨਾ ਰਣੌਤ ਨੇ ਦਿਤਾ ਮੋੜਵਾਂ ਜਵਾਬ

ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਕੰਗਨਾ ਰਣੌਤ ਨੂੰ ਭਾਜਪਾ ਉਮੀਦਵਾਰ ਐਲਾਨੇ ਜਾਣ ਤੋਂ ਇਕ ਦਿਨ ਬਾਅਦ ਸੋਮਵਾਰ ਨੂੰ ਉਸ ਸਮੇਂ ਵੱਡਾ ਵਿਵਾਦ ਖੜਾ ਹੋ ਗਿਆ, ਜਦੋਂ ਕਾਂਗਰਸ ਦੀ ਕੌਮੀ ਬੁਲਾਰਾ ਸੁਪ੍ਰਿਆ ਸ਼੍ਰੀਨੇਤ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਬਾਲੀਵੁੱਡ ਅਦਾਕਾਰਾ ’ਤੇ ‘ਜਿਨਸੀ ਦੂਸ਼ਣਬਾਜ਼ੀ ਅਤੇ ਗਾਲ੍ਹਾਂ ਭਰਪੂਰ’ ਪੋਸਟ ਸਾਂਝੀ ਕੀਤੀ ਗਈ। 

ਇਸ ਪੋਸਟ ’ਚ ਕੰਗਨਾ ਰਣੌਤ ਦੀ ਇਕ ਬਹੁਤ ਘੱਟ ਕਪੜਿਆਂ ਵਾਲੀ ਤਸਵੀਰ ਵਿਖਾਈ ਗਈ ਹੈ ਅਤੇ ਇਸ ਹੇਠ ਭੱਦੀ ਸ਼ਬਦਾਵਲੀ ਲਿਖੀ ਗਈ। ਪੋਸਟ ਤੇ ਐਕਸ ’ਤੇ ਪੋਸਟ ਕੀਤੇ ਗਏ ਇਕ ਸੰਦੇਸ਼ ਵਿਚ ਰਣੌਤ ਨੇ ਸ਼੍ਰੀਨੇਤ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਲੋਕਾਂ ਨੂੰ ‘ਸੈਕਸ ਵਰਕਰਾਂ ਦੀ ਚੁਨੌਤੀਪੂਰਨ ਜ਼ਿੰਦਗੀ ਜਾਂ ਹਾਲਾਤ ਨੂੰ ਕਿਸੇ ਕਿਸਮ ਦੀ ਦੁਰਵਿਵਹਾਰ ਜਾਂ ਟਿਪਣੀ ਵਜੋਂ ਵਰਤਣ ਤੋਂ ਪਰਹੇਜ਼’ ਕਰਨਾ ਚਾਹੀਦਾ ਹੈ।

ਇਸ ਪੋਸਟ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫੀ ਹੰਗਾਮਾ ਹੋਇਆ ਸੀ ਪਰ ਸ਼੍ਰੀਨੇਤ ਨੇ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਪੋਸਟ ਨੂੰ ਹਟਾ ਦਿਤਾ ਗਿਆ ਹੈ। ਉਸ ਨੇ ਐਕਸ ’ਤੇ ਲਿਖਿਆ: ‘‘ਜਿਸ ਵਿਅਕਤੀ ਕੋਲ ਮੇਰੇ ਮੈਟਾ ਅਕਾਊਂਟ (ਫੇਸਬੁੱਕ ਅਤੇ ਇੰਸਟਾ) ਤਕ ਪਹੁੰਚ ਸੀ, ਉਸ ਨੇ ਬਿਲਕੁਲ ਘਿਨਾਉਣੀ ਅਤੇ ਇਤਰਾਜ਼ਯੋਗ ਪੋਸਟ ਪੋਸਟ ਕੀਤੀ, ਜਿਸ ਨੂੰ ਹਟਾ ਦਿਤਾ ਗਿਆ ਹੈ। ਜੋ ਕੋਈ ਵੀ ਮੈਨੂੰ ਜਾਣਦਾ ਹੈ ਉਹ ਜਾਣੇਗਾ ਕਿ ਮੈਂ ਕਦੇ ਵੀ ਕਿਸੇ ਔਰਤ ਲਈ ਅਜਿਹਾ ਨਹੀਂ ਕਹਾਂਗਾ। ਹਾਲਾਂਕਿ, ਟਵਿੱਟਰ (@Supriyaparody) ’ਤੇ ਇਕ ਪੈਰੋਡੀ ਅਕਾਊਂਟ ਚਲਾਇਆ ਜਾ ਰਿਹਾ ਹੈ, ਜਿਸ ਨੇ ਸਾਰੀ ਸ਼ਰਾਰਤ ਸ਼ੁਰੂ ਕੀਤੀ ਅਤੇ ਰੀਪੋਰਟ ਕੀਤੀ ਜਾ ਰਹੀ ਹੈ।’’

ਇੰਸਟਾਗ੍ਰਾਮ ’ਤੇ ਸ਼੍ਰੀਨੇਤ ਦੀ ਪੋਸਟ, ਜਿਸ ਨੂੰ ਹੁਣ ਡਿਲੀਟ ਕਰ ਦਿਤਾ ਗਿਆ ਹੈ, ’ਚ ਰਣੌਤ ਦੀ ਤਸਵੀਰ ਦੇ ਨਾਲ ਪੁਛਿਆ ਗਿਆ, ‘‘ਕੀ ਕੀਮਤ ਚਲ ਰਹੀ ਹੈ ਮੰਡੀ ’ਚ, ਕੋਈ ਦਸੇਗਾ?’’ ਇਸ ਪੋਸਟ ’ਤੇ ਭਾਜਪਾ ਅਤੇ ਰਣੌਤ ਨੇ ਤਿੱਖੀ ਪ੍ਰਤੀਕਿਰਿਆ ਦਿਤੀ। ਬਾਲੀਵੁੱਡ ਅਦਾਕਾਰਾ ਨੇ ਐਕਸ ’ਤੇ ਅਪਣੀ ਪ੍ਰਤੀਕਿਰਿਆ ਸਾਂਝੀ ਕਰਦਿਆਂ ਕਿਹਾ ਕਿ ‘ਹਰ ਔਰਤ ਅਪਣੀ ਇੱਜ਼ਤ ਦੀ ਹੱਕਦਾਰ ਹੈ।’ 

ਰਨੌਤ ਨੈ ਕਿਹਾ, ‘‘ਪਿਆਰੀ ਸੁਪ੍ਰਿਆ ਜੀ, ਇਕ ਕਲਾਕਾਰ ਵਜੋਂ ਅਪਣੇ ਪਿਛਲੇ 20 ਸਾਲਾਂ ਦੇ ਕਰੀਅਰ ’ਚ ਮੈਂ ਹਰ ਤਰ੍ਹਾਂ ਦੀਆਂ ਔਰਤਾਂ ਦਾ ਕਿਰਦਾਰ ਨਿਭਾਇਆ ਹੈ। ਰਾਣੀ ’ਚ ਇਕ ਭੋਲੀ-ਭਾਲੀ ਕੁੜੀ ਤੋਂ ਧਾਕੜ ’ਚ ਇਕ ਮੋਹਕ ਜਾਸੂਸ ਤਕ, ਮਣੀਕਰਣਿਕਾ ’ਚ ਦੇਵੀ ਤੋਂ ਲੈ ਕੇ ਚੰਦਰਮੁਖੀ ’ਚ ਰਾਖਸ ਤਕ, ਰੱਜੋ ’ਚ ਵੇਸਵਾ ਤੋਂ ਲੈ ਕੇ ਥਲਾਈਵੀ ’ਚ ਇਕ ਕ੍ਰਾਂਤੀਕਾਰੀ ਨੇਤਾ ਤਕ।’’ ਉਨ੍ਹਾਂ ਅੱਗੇ ਕਿਹਾ, ‘‘ਸਾਨੂੰ ਅਪਣੀਆਂ ਧੀਆਂ ਨੂੰ ਪੱਖਪਾਤ ਦੇ ਬੰਧਨਾਂ ਤੋਂ ਮੁਕਤ ਕਰਨਾ ਚਾਹੀਦਾ ਹੈ, ਸਾਨੂੰ ਉਨ੍ਹਾਂ ਦੇ ਸਰੀਰ ਦੇ ਅੰਗਾਂ ਬਾਰੇ ਉਤਸੁਕਤਾ ਤੋਂ ਉੱਪਰ ਉੱਠਣਾ ਚਾਹੀਦਾ ਹੈ ਅਤੇ ਸੱਭ ਤੋਂ ਵੱਧ ਸਾਨੂੰ ਸੈਕਸ ਵਰਕਰਾਂ ਨੂੰ ਜ਼ਿੰਦਗੀ ਜਾਂ ਹਾਲਾਤ ਨੂੰ ਚੁਨੌਤੀ ਦੇਣ ਵਾਲੇ ਕਿਸੇ ਕਿਸਮ ਦੇ ਸੋਸ਼ਣ ਜਾਂ ਗਾਲ੍ਹਾਂ ਵਜੋਂ ਵਰਤਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਹਰ ਔਰਤ ਅਪਣੀ ਇੱਜ਼ਤ ਦੀ ਹੱਕਦਾਰ ਹੈ।’’

ਇਸ ਦੌਰਾਨ ਭਾਜਪਾ ਨੇਤਾ ਅਮਿਤ ਮਾਲਵੀਆ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸ਼੍ਰੀਨੇਤ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਹੈ। ਮਾਲਵੀਆ ਨੇ ਕਿਹਾ, ‘‘ਕਾਂਗਰਸ ਦੀ ਸੁਪ੍ਰਿਆ ਸ਼੍ਰੀਨੇਤ ਨੇ ਇਕ ਇੰਸਟਾ ਪੋਸਟ ’ਚ ਕੰਗਨਾ ਰਣੌਤ ’ਤੇ ਅਪਮਾਨਜਨਕ ਟਿਪਣੀ ਕੀਤੀ ਹੈ। ਇਹ ਇੰਨਾ ਘਿਨਾਉਣਾ ਹੈ ਕਿ ਕੋਈ ਵੀ ਇਹ ਪੁੱਛਣ ਤੋਂ ਬਿਨਾਂ ਨਹੀਂ ਰਹਿ ਸਕਦਾ ਕਿ ਕਾਂਗਰਸ ਇਕ ਥਾਂ ’ਤੇ ਇੰਨੀ ਗੰਦਗੀ ਕਿਵੇਂ ਇਕੱਠੀ ਕਰਦੀ ਹੈ? ਜੇਕਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਪਾਰਟੀ ’ਚ ਕੋਈ ਗੱਲ ਹੈ ਤਾਂ ਉਨ੍ਹਾਂ ਨੂੰ ਤੁਰਤ ਬਰਖਾਸਤ ਕਰਨਾ ਚਾਹੀਦਾ ਹੈ ਨਹੀਂ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਹੈ।’’