ਅਮਰੀਕਾ ਵਲੋਂ ਭਾਰਤੀ ਵਿਦਿਆਰਥੀਆਂ ਨੂੰ ਦਿਲ ਖੋਲ੍ਹ ਕੇ ਮਿਲੇ ਵੀਜ਼ੇ, ਜਾਣੋ ਅੰਕੜੇ। 

ਅਮਰੀਕਾ ਵਲੋਂ ਭਾਰਤੀ ਵਿਦਿਆਰਥੀਆਂ ਨੂੰ ਦਿਲ ਖੋਲ੍ਹ ਕੇ ਮਿਲੇ ਵੀਜ਼ੇ, ਜਾਣੋ ਅੰਕੜੇ। 

ਭਾਰਤ ’ਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਬੁੱਧਵਾਰ ਨੂੰ ਕਿਹਾ ਕਿ 2022 ’ਚ ਹਰ 5 ਅਮਰੀਕੀ ਵਿਦਿਆਰਥੀ ਵੀਜ਼ਾ ’ਚੋਂ 1 ਭਾਰਤ ਨੂੰ ਜਾਰੀ ਕੀਤਾ ਗਿਆ ਸੀ, ਜੋ ਕਿ ਵਿਸ਼ਵ ’ਚ ਭਾਰਤੀ ਜਨਸੰਖਿਆ ਦੇ ਅਨੁਪਾਤ ਤੋਂ ਵੱਧ ਹੈ। ਅਮਰੀਕੀ ਦੂਤਘਰ ਨੇ ਬੁੱਧਵਾਰ ਨੂੰ ਦੇਸ਼ ਭਰ ’ਚ ਸਾਲਾਨਾ ਵਿਦਿਆਰਥੀ ਵੀਜ਼ਾ ਦਿਵਸ ਮਨਾਇਆ, ਜਿਸ ਦੌਰਾਨ 3500 ਭਾਰਤੀ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਦੀ ਦਿੱਲੀ, ਚੇਨਈ, ਹੈਦਰਾਬਾਦ, ਕੋਲਕਾਤਾ ਅਤੇ ਮੁੰਬਈ ਸਥਿਤ ਕੌਂਸਲੇਟਾਂ ’ਚ ਇੰਟਰਵਿਊ ਲਈ ਗਈ।

ਗਾਰਸੇਟੀ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਭਾਰਤੀ ਅਮਰੀਕਾ ਆਉਂਦੇ ਹਨ। ਭਾਰਤੀਆਂ ਨੇ ਨਾ ਸਿਰਫ਼ ਅਮਰੀਕਾ ’ਚ ਪੜ੍ਹਾਈ ਕੀਤੀ ਹੈ, ਸਗੋਂ ਦਹਾਕਿਆਂ ਤੋਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਵੀ ਕੀਤਾ ਹੈ। ਅਮਰੀਕੀ ਪ੍ਰਸ਼ਾਸਨ ਇਸ ਸਾਲ ਵਿਦਿਆਰਥੀਆਂ ਲਈ ਪਹਿਲਾਂ ਨਾਲੋਂ ਜ਼ਿਆਦਾ ਵੀਜ਼ਾ ਪ੍ਰੋਗਰਾਮ ਪੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤਿਆਂ ’ਚ ਅਸੀਂ ਜੁਲਾਈ ਅਤੇ ਅਗਸਤ ਲਈ ਹਜ਼ਾਰਾਂ ਵੀਜ਼ਾ ਅਰਜ਼ੀਆਂ ਲਈ ਇਕ ਸ਼ਡਿਊਲ ਜਾਰੀ ਕਰਾਂਗੇ।

ਭਾਰਤ ’ਚ ਅਮਰੀਕੀ ਦੂਤਘਰ ਨੇ 1,25,000 ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ, ਜੋ ਕਿ ਇਕ ਰਿਕਾਰਡਤੋੜ ਅੰਕੜਾ ਹੈ। ਦੂਤਘਰ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ 2022 ’ਚ ਭਾਰਤੀਆਂ ਨੂੰ ਦੁਨੀਆ ’ਚ ਸਭ ਤੋਂ ਵੱਧ ਐੱਚ. ਐਂਡ. ਐੱਲ. ਰੋਜ਼ਗਾਰ ਵੀਜ਼ੇ (65 ਫੀਸਦੀ) ਅਤੇ ਐੱਫ-1 ਵਿਦਿਆਰਥੀ ਵੀਜ਼ਾ (17.5 ਫੀਸਦੀ) ਜਾਰੀ ਕੀਤੇ ਗਏ।