- Updated: June 09, 2025 07:59 PM
ਪਿੰਡ ਲੱਖਣ ਕਲਾਂ ਵਿਖੇ ਸਰਪੰਚੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਕੁਝ ਵਿਅਕਤੀਆਂ ਵਲੋਂ ਮਹਿਲਾ ਸਰਪੰਚ ਦੇ ਲੜਕੇ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਲੜਕਾ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਹੈ।
ਐਮਰਜੈਂਸੀ ਵਾਰਡ ਵਿਚ ਜ਼ੇਰੇ ਇਲਾਜ ਪਵਿੱਤਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਲੱਖਣ ਕਲਾਂ ਪੱਤੀ ਖ਼ਿਜਰਪੁਰ ਨੇ ਦੱਸਿਆ ਕਿ ਉਸਦੀ ਮਾਤਾ ਤਜਿੰਦਰ ਕੌਰ ਜੋ ਕਿ ਪਿੰਡ ਦੀ ਮੌਜੂਦਾ ਸਰਪੰਚ ਹੈ ਤੇ ਉਸਦੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਚੋਣਾਂ ਦੀ ਪੁਰਾਣੀ ਰੰਜਿਸ਼ ਕਾਰਨ ਉਸਨੂੰ ਧੋਖੇ ਨਾਲ ਅਕੈਡਮੀ ਵਿਖੇ ਸੱਦਿਆ ਜਦੋਂ ਉਹ ਉੱਥੇ ਮੌਕੇ 'ਤੇ ਪਹੁੰਚਿਆਂ ਤਾਂ ਪਹਿਲਾਂ ਤੋਂ ਮੌਜੂਦ ਕੁੱਝ ਵਿਅਕਤੀਆਂ ਨੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿਚੋਂ ਇਕ ਗੋਲੀ ਉਸਦੇ ਸਿਰ ਦੇ ਕੋਲ ਲੰਘੀ ਤੇ ਦੂਸਰੀ ਉਸਦੀ ਬਾਂਹ ਵਿਚ ਲੱਗੀ। ਡੀ.ਐੱਸ.ਪੀ. ਦੀਪ ਕਰਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਜੋ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।