- Updated: August 05, 2026 07:39 PM
ਜ਼ਿਲ੍ਹੇ ਦੇ ਪਿੰਡ ਹਰਦੋਪੱਟੀ ਵਿੱਚ ਵਿਦੇਸ਼ ਭੇਜਣ ਦੇ ਨਾਂ ‘ਤੇ ਕਥਿਤ ਤੌਰ ‘ਤੇ 18 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ 26 ਸਾਲਾ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਨਿਗਲਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਥਾਣਾ ਗੜ੍ਹਦੀਵਾਲਾ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਟਰੈਵਲ ਏਜੰਟ ਖ਼ਿਲਾਫ਼ ਬੀਐਨਐਸ ਦੀ ਧਾਰਾ 108 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਘਰ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਐੱਸਐੱਚਓ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਏਐੱਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਪਿੰਡ ਹਰਦੋਪੱਟੀ ਦੇ ਵਸਨੀਕ ਤਰਲੋਕ ਸਿੰਘ ਪੁੱਤਰ ਭਗਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਦੋ ਪੁੱਤਰ ਅਤੇ ਇੱਕ ਧੀ ਹੈ। ਵੱਡਾ ਪੁੱਤਰ ਜਸਪ੍ਰੀਤ ਸਿੰਘ ਅਮਰੀਕਾ ਅਤੇ ਧੀ ਕਿਰਨਦੀਪ ਕੌਰ ਆਸਟ੍ਰੇਲੀਆ ਵਿੱਚ ਰਹਿੰਦੇ ਹਨ। ਛੋਟਾ ਪੁੱਤਰ ਗੁਰਵੀਰ ਸਿੰਘ (26) ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਨਿਊਜ਼ੀਲੈਂਡ ਜਾਣਾ ਚਾਹੁੰਦਾ ਸੀ। ਇਸ ਲਈ ਉਸ ਨੇ ਪਿੰਡ ਬਰਿਆਣਾ ਦੇ ਰਹਿਣ ਵਾਲੇ ਅਤੇ ਇਸ ਵੇਲੇ ਧੜਿਆਣਾ ਵਿੱਚ ਰਹਿ ਰਹੇ ਟਰੈਵਲ ਏਜੰਟ ਜਤਿੰਦਰ ਸਿੰਘ ਨਾਲ ਸੰਪਰਕ ਕੀਤਾ, ਜਿਸ ਦਾ ਟਾਂਡਾ ਵਿੱਚ ਵੀ ਦਫ਼ਤਰ ਸੀ। ਏਜੰਟ ਨੇ ਭਰੋਸਾ ਦਿੱਤਾ ਕਿ ਉਹ ਛੇ ਮਹੀਨਿਆਂ ਵਿੱਚ ਗੁਰਵੀਰ ਨੂੰ ਨਿਊਜ਼ੀਲੈਂਡ ਭੇਜ ਕੇ ਚੰਗੀ ਨੌਕਰੀ ‘ਤੇ ਲਗਵਾ ਦੇਵੇਗਾ ਅਤੇ ਇਸ ਕੰਮ ਲਈ 18 ਲੱਖ ਰੁਪਏ ਦੀ ਮੰਗ ਕੀਤੀ।
ਸ਼ਿਕਾਇਤ ਮੁਤਾਬਕ ਪਰਿਵਾਰ ਨੇ ਏਜੰਟ ‘ਤੇ ਭਰੋਸਾ ਕਰਕੇ 18 ਲੱਖ ਰੁਪਏ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਤਿੰਨ ਮਹੀਨਿਆਂ ਤੱਕ ਏਜੰਟ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜਦੋਂ ਵੀ ਪਰਿਵਾਰ ਨੇ ਸੰਪਰਕ ਕੀਤਾ ਤਾਂ ਕਦੇ “ਇੱਕ-ਦੋ ਦਿਨ ਵਿੱਚ ਕੰਮ ਹੋ ਜਾਵੇਗਾ” ਤੇ ਕਦੇ “ਵੀਜ਼ਾ ਆ ਗਿਆ ਹੈ, ਜਲਦ ਫਲਾਈਟ ਕਰਵਾ ਦੇਵਾਂਗੇ” ਕਹਿ ਕੇ ਟਾਲਮਟੋਲ ਕੀਤੀ ਜਾਂਦੀ ਰਹੀ। ਪਰਿਵਾਰ ਨੂੰ ਸ਼ੱਕ ਹੋ ਗਿਆ ਕਿ ਏਜੰਟ ਝੂਠ ਬੋਲ ਰਿਹਾ ਹੈ। ਇਸ ਕਾਰਨ ਗੁਰਵੀਰ ਸਿੰਘ ਮਾਨਸਿਕ ਤੌਰ ‘ਤੇ ਕਾਫ਼ੀ ਪਰੇਸ਼ਾਨ ਰਹਿਣ ਲੱਗ ਪਿਆ।
ਪਰਿਵਾਰ ਅਨੁਸਾਰ 31 ਜੁਲਾਈ ਦੀ ਸ਼ਾਮ ਗੁਰਵੀਰ ਸਿੰਘ ਨੇ ਘਰ ਆ ਕੇ ਪਰੇਸ਼ਾਨੀ ਵਿੱਚ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਉਸ ਨੂੰ ਪਹਿਲਾਂ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਹਾਲਤ ਗੰਭੀਰ ਹੋਣ ਕਾਰਨ ਜਲੰਧਰ ਦੇ ਕੈਪਿਟਲ ਹਸਪਤਾਲ ਰੈਫਰ ਕੀਤਾ ਗਿਆ। ਉੱਥੇ ਦੇਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਗੁਰਵੀਰ ਸਿੰਘ ਦਾ ਅਜੇ ਵਿਆਹ ਨਹੀਂ ਹੋਇਆ ਸੀ। ਉਹ ਆਪਣੇ ਪਿੱਛੇ ਮਾਤਾ ਨਰਿੰਦਰ ਕੌਰ, ਪਿਤਾ ਤਰਲੋਕ ਸਿੰਘ, ਭੈਣ ਅਤੇ ਭਰਾ ਨੂੰ ਛੱਡ ਗਿਆ ਹੈ। ਘਰ ਵਿੱਚ ਮਾਤਮ ਦਾ ਮਾਹੌਲ ਹੈ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਜੇਕਰ ਸਮੇਂ ਸਿਰ ਏਜੰਟ ਦੀ ਅਸਲੀਅਤ ਸਾਹਮਣੇ ਆ ਜਾਂਦੀ ਤਾਂ ਨਾ ਉਨ੍ਹਾਂ ਦੇ 18 ਲੱਖ ਰੁਪਏ ਡੁੱਬਦੇ ਅਤੇ ਨਾ ਹੀ ਉਨ੍ਹਾਂ ਦਾ ਪੁੱਤਰ ਇਹ ਕਦਮ ਚੁੱਕਦਾ। ਪਰਿਵਾਰ ਨੇ ਗੁਰਵੀਰ ਦੀ ਮੌਤ ਲਈ ਟਰੈਵਲ ਏਜੰਟ ਜਤਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਏਐੱਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਟਰੈਵਲ ਏਜੰਟ ਨੇ ਇਲਾਕੇ ਦੇ 8 ਤੋਂ 10 ਨੌਜਵਾਨਾਂ ਤੋਂ ਵੀ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਭੇਜਣ ਦੇ ਨਾਂ ‘ਤੇ 8 ਤੋਂ 20 ਲੱਖ ਰੁਪਏ ਤੱਕ ਲਏ ਹੋਏ ਹਨ, ਪਰ ਕਿਸੇ ਨੂੰ ਵੀ ਵਿਦੇਸ਼ ਨਹੀਂ ਭੇਜਿਆ। ਪੁਲਿਸ ਨੂੰ ਇਸ ਸਬੰਧੀ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ। ਥਾਣਾ ਗੜਦੀਵਾਲ ਦੀ ਪੁਲਿਸ ਨੇ ਏਜੰਟ ਜਤਿੰਦਰ ਸਿੰਘ ਬਰਿਆਣਾ ਖਿਲਾਫ ਕਾਨੂੰਨ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਏਜੰਟ ਦੀ ਭਾਲ ਕੀਤੀ ਜਾ ਰਹੀ ਹੈ।