23 ਸਾਲਾ ਪੰਜਾਬੀ ਨੌਜਵਾਨ ਕੈਨੇਡਾ ''ਚ ਹੋਇਆ ਲਾਪਤਾ, ਚਿੰਤਾ ''ਚ ਪਿਆ ਪਰਿਵਾਰ

23 ਸਾਲਾ ਪੰਜਾਬੀ ਨੌਜਵਾਨ ਕੈਨੇਡਾ ''ਚ ਹੋਇਆ ਲਾਪਤਾ, ਚਿੰਤਾ ''ਚ ਪਿਆ ਪਰਿਵਾਰ

ਕੈਨੇਡਾ ਵਿਚ ਪਿਛਲੇ ਦੋ ਹਫਤਿਆਂ ਦੌਰਾਨ ਤੀਜਾ ਪੰਜਾਬੀ ਨੌਜਵਾਨ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 23 ਸਾਲ ਦੇ ਜਸਦੀਪ ਪਰਮਾਰ ਦੀ ਭਾਲ ਕਰ ਰਹੀ ਸਰੀ ਆਰ.ਸੀ.ਐਮ.ਪੀ. ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪੁਲਸ ਨੇ ਦੱਸਿਆ ਕਿ ਜਸਦੀਪ ਪਰਮਾਰ ਨੂੰ ਆਖਰੀ ਵਾਰ 15 ਮਾਰਚ ਨੂੰ ਬਾਅਦ ਦੁਪਹਿਰ ਤਕਰੀਬਨ 3 ਵਜੇ 86ਵੇਂ ਐਵੇਨਿਊ ਦੇ 14700 ਬਲਾਕ ਵਿਚ ਦੇਖਿਆ ਗਿਆ। ਜਸਦੀਪ ਪਰਮਾਰ ਦਾ ਹੁਲੀਆ ਜਾਰੀ ਕਰਦਿਆਂ ਆਰ.ਸੀ.ਐਮ.ਪੀ. ਨੇ ਕਿਹਾ ਕਿ ਉਸ ਦਾ ਕੱਦ 5 ਫੁੱਟ 11 ਇੰਚ ਅਤੇ ਸਰੀਰ ਪਤਲਾ ਹੈ। ਉਸ ਦੇ ਵਾਲ ਕਾਲੇ ਅਤੇ ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਕਾਲੇ ਰੰਗ ਦੀ ਟੌਮੀ ਹਿਲਫਾਇਰ ਜੈਕਟ, ਕਾਲੀ ਪੈਂਟ ਅਤੇ ਸਫੈਦ ਸ਼ੂਜ਼ ਪਹਿਨੇ ਹੋਏ ਸਨ।

      Image

ਜਸਦੀਪ ਪਰਮਾਰ ਦਾ ਪਰਿਵਾਰ ਅਤੇ ਪੁਲਸ ਉਸ ਦੀ ਸੁੱਖ ਸਾਂਦ ਪ੍ਰਤੀ ਬੇਹੱਦ ਚਿੰਤਤ ਹਨ। ਪੁਲਸ ਮੁਤਾਬਕ ਉਸ ਨੂੰ ਨਜ਼ਰ ਦੀ ਐਨਕ ਵੀ ਲੱਗੀ ਹੋਈ ਹੈ ਅਤੇ ਜੇ ਕਿਸੇ ਕੋਲ ਜਸਦੀਪ ਪਰਮਾਰ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਰੀ ਆਰ.ਸੀ.ਐਮ.ਪੀ ਨਾਲ 604 599 0502 ’ਤੇ ਸੰਪਰਕ ਕਰਦਿਆਂ ਫਾਈਲ ਨੰਬਰ 2024-36837 ਦਾ ਹਵਾਲਾ ਦੇਵੇ। ਪੁਲਸ ਦੇ ਇਲਾਵਾ ਜਸਦੀਪ ਦੇ ਰਿਸ਼ਤੇਵਾਰਾਂ ਨੇ ਵੀ ਉਸ ਦੀ ਭਾਲ ਵਿਚ ਮਦਦ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਜਸਦੀਪ ਪਰਮਾਰ ਤੀਜਾ ਪੰਜਾਬੀ ਨੌਜਵਾਨ ਹੈ ਪਿਛਲੇ ਕੁਝ ਦਿਨਾਂ ਵਿਚ ਲਾਪਤਾ ਹੋਇਆ। ਇਸ ਤੋਂ ਪਹਿਲਾਂ ਪ੍ਰਭਜੋਤ ਲਾਲੀ ਦੇ ਲਾਪਤਾ ਹੋਣ ਦੀ ਰਿਪੋਰਟ ਆਈ ਸੀ ਜਦਕਿ ਨਮਨਪ੍ਰੀਤ ਰੰਧਾਵਾ ਦੇ ਗੁੰਮਸ਼ੁਦਗੀ ਬਾਰੇ ਵੀ ਪੁਲਸ ਨੇ ਇਕ ਬਿਆਨ ਜਾਰੀ ਕਰਦਿਆਂ ਉਸ ਦੀ ਭਾਲ ਵਾਸਤੇ ਮਦਦ ਮੰਗੀ ਹੈ।

       Image