ਲੰਡਨ ’ਚ ਭਾਰਤੀ ਮੂਲ ਦੇ ਪਰਿਵਾਰ ਦੇ 3 ਮੈਂਬਰਾਂ ਦੀ 36ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਮੌਤ

ਲੰਡਨ ’ਚ ਭਾਰਤੀ ਮੂਲ ਦੇ ਪਰਿਵਾਰ ਦੇ 3 ਮੈਂਬਰਾਂ ਦੀ 36ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਮੌਤ

ਦੱਖਣੀ ਲੰਡਨ ਦੇ ਐਲੀਫੈਂਟ ਐਂਡ ਕੈਸਲ ਇਲਾਕੇ ਵਿਚ ਇਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਬਹੁ ਮੰਜ਼ਲੀ ਇਮਾਰਤ ਦੀ 36ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਇਕ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ। ਪੁਲਿਸ ਇਸ ਮਾਮਲੇ ਨੂੰ ਖ਼ੁਦਕੁਸ਼ੀ ਦੇ ਰੂਪ ਵਿੱਚ ਦੇਖ ਰਹੀ ਹੈ। ਮ੍ਰਿਤਕਾਂ ਦੀ ਪਛਾਣ ਜਨਤਕ ਕਰਦਿਆਂ ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਰਾਕੇਸ਼ ਪਾਈ (47) ਇਕ ਫਾਈਨੈਂਸ਼ੀਅਲ ਕੰਸਲਟੈਂਟ ਤੇ ਸਾਬਕਾ ਬੈਂਕ ਅਧਿਕਾਰੀ, ਉਹਨਾਂ ਦੀ ਪਤਨੀ ਅਦਿਤੀ ਪਰਾਲਕਰ (46) ਜੋ ਕੰਸਟ੍ਰਕਸ਼ਨ ਸੈਕਟਰ ਵਿੱਚ ਇੱਕ ਸੀਨੀਅਰ ਕੰਸਲਟੈਂਟ ਵਜੋਂ ਕੰਮ ਕਰ ਰਹੀ ਸੀ ਤੇ ਉਹਨਾਂ ਦਾ 9 ਸਾਲਾਂ ਦਾ ਪੁੱਤਰ ਬੇਟਾ ਸਿਧਾਰਥ  ਜੋ ਜਨਮ ਤੋਂ ਹੀ ਕਈ ਗੰਭੀਰ ਬਿਮਾਰੀਆਂ ਨਾਲ ਜੂਝ ਰਿਹਾ ਸੀ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਰਿਵਾਰਕ ਦੋਸਤਾਂ ਮੁਤਾਬਕ, ਇਹ ਹਾਦਸਾ ਬੱਚੇ ਦੀ ਗੰਭੀਰ ਬਿਮਾਰੀ ਦੇ ਚੱਲਦਿਆਂ ਪੈਦਾ ਹੋਏ ਮਾਨਸਿਕ ਅਤੇ ਭਾਵਨਾਤਮਕ ਤਣਾਅ ਦਾ ਨਤੀਜਾ ਪ੍ਰਤੀਤ ਹੁੰਦਾ ਹੈ।  ਇਹ ਪਰਿਵਾਰ ਆਪਣੇ ਬੱਚੇ ਦੇ ਇਲਾਜ ਲਈ ਕੁਝ ਸਮਾਂ ਪਹਿਲਾਂ ਮੁੰਬਈ (ਭਾਰਤ) ਵੀ ਗਿਆ ਸੀ, ਤਾਂ ਜੋ ਉੱਥੇ ਪਰਿਵਾਰਕ ਮਦਦ ਅਤੇ ਬਿਹਤਰ ਇਲਾਜ ਮਿਲ ਸਕੇ।  ਪਰ ਜਦੋਂ ਬੱਚੇ ਦੀ ਹਾਲਤ ਵਿਚ ਕੋਈ ਸੁਧਾਰ ਨਾ ਹੋਇਆ, ਤਾਂ ਉਹ ਵਾਪਸ ਯੂ.ਕੇ. ਆ ਗਏ।  

ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਵੱਲੋਂ ਇਹ ਕਹਿਣ ਤੋਂ ਬਾਅਦ ਕਿ ਹੁਣ ਬੱਚੇ ਦਾ ਕੋਈ ਹੋਰ ਇਲਾਜ ਸੰਭਵ ਨਹੀਂ ਹੈ, ਮਾਪੇ ਪੂਰੀ ਤਰ੍ਹਾਂ ਟੁੱਟ ਚੁੱਕੇ ਸਨ।  ਮੈਟਰੋਪੋਲੀਟਨ ਪੁਲਿਸ ਮੁਤਾਬਕ ਇਹ ਘਟਨਾ 27 ਮਈ ਨੂੰ ਸਵੇਰੇ ਤੜਕੇ ਵਾਪਰੀ।  ਐਮਰਜੈਂਸੀ ਸੇਵਾਵਾਂ ਦੇ ਮੌਕੇ 'ਤੇ ਪਹੁੰਚਣ ਦੇ ਬਾਵਜੂਦ, ਤਿੰਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਮੌਕੇ 'ਤੇ ਹੀ ਮਿ੍ਤਕ ਐਲਾਨ ਦਿੱਤਾ ਗਿਆ।