- Updated: March 24, 2023 03:22 PM
ਈਰਾਨ ਵਿੱਚ ਫਸੇ ਪੰਜ ਭਾਰਤੀ ਮਲਾਹ ਕਰੀਬ ਤਿੰਨ ਸਾਲਾਂ ਬਾਅਦ ਅੱਜ ਵਤਨ ਪਰਤਣਗੇ। ਦੱਸ ਦੇਈਏ ਕਿ ਇਹ ਪੰਜ ਭਾਰਤੀ ਨਾਗਰਿਕ ਬਿਨਾਂ ਕਿਸੇ ਦੋਸ਼ ਦੇ ਚਾਬਹਾਰ ਕੇਂਦਰੀ ਜੇਲ੍ਹ ਵਿੱਚ 403 ਦਿਨ ਬਿਤਾ ਚੁੱਕੇ ਹਨ ਅਤੇ ਇਸ ਤੋਂ ਬਾਅਦ ਵੀ ਉਹ ਲੰਬੇ ਸਮੇਂ ਤੱਕ ਈਰਾਨ ਵਿੱਚ ਫਸੇ ਹੋਏ ਸਨ। ਹੁਣ ਚਾਬਹਾਰ, ਕੋਨਾਰਕ, ਸਿਸਤਾਨ ਅਤੇ ਬਲੋਚਿਸਤਾਨ ਸੂਬੇ ਦੇ ਅਧਿਕਾਰੀਆਂ ਵੱਲੋਂ ਨਿਰਦੋਸ਼ ਪਾਏ ਜਾਣ ਤੋਂ ਬਾਅਦ ਇਹ ਪੰਜ ਭਾਰਤੀ ਭਾਰਤ ਪਰਤਣਗੇ। ਈਰਾਨ ਤੋਂ ਭਾਰਤ ਪਰਤਣ ਵਾਲੇ ਮਲਾਹਾਂ ਦਾ ਖਰਚਾ ਭਾਰਤ ਸਰਕਾਰ ਅਤੇ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਮਦਦ ਲਈ ਕੰਮ ਕਰਨ ਵਾਲੀ ਸਰਕਾਰੀ ਸੰਸਥਾ ਇੰਡੀਅਨ ਵਰਲਡ ਫੋਰਮ ਵੱਲੋਂ ਚੁੱਕਿਆ ਜਾਵੇਗਾ। ਦੂਜੇ ਪਾਸੇ ਦਿੱਲੀ ਹਾਈ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਦਿੱਤੇ ਨਿਰਦੇਸ਼ਾਂ 'ਤੇ ਤਹਿਰਾਨ ਸਥਿਤ ਭਾਰਤੀ ਦੂਤਘਰ ਇਨ੍ਹਾਂ ਮਲਾਹਾਂ ਨੂੰ ਹਵਾਈ ਅੱਡੇ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਏਗਾ। ਸੂਤਰਾਂ ਅਨੁਸਾਰ 5 ਭਾਰਤੀ ਕਥਿਤ ਤੌਰ 'ਤੇ ਈਰਾਨ ਏਅਰ ਦੀ ਉਡਾਣ ਰਾਹੀਂ ਤਹਿਰਾਨ ਤੋਂ ਮੁੰਬਈ ਪਹੁੰਚਣਗੇ।
ਦੱਸ ਦੇਈਏ ਕਿ ਪੰਜ ਭਾਰਤੀ ਮਲਾਹ ਅਨਿਕੇਤ ਸ਼ਾਮ ਯੇਨਪੁਰੇ, ਮੰਦਾਰ ਮਿਲਿੰਦ ਵਰਲੀਕਰ, ਨਵੀਨ ਸਿੰਘ, ਪ੍ਰਣਵ ਕੁਮਾਰ ਅਤੇ ਥਮਿਜ਼ਸੇਲਵਨ ਰੰਗਾਸਾਮੀ ਇੱਕ ਵਪਾਰਕ ਸ਼ਿਪਿੰਗ ਕੰਪਨੀ ਵਿੱਚ ਕੰਮ ਕਰਦੇ ਸਨ। 20 ਫਰਵਰੀ 2020 ਨੂੰ ਉਹਨਾਂ ਨੂੰ ਆਰਟਿਨ 10 ਜਹਾਜ਼ ਦੇ ਨਾਲ ਈਰਾਨੀ ਸੁਰੱਖਿਆ ਬਲਾਂ ਨੇ ਹਰਮਨ ਦੀ ਖਾੜੀ ਵਿੱਚ ਸ਼ੱਕ ਦੇ ਅਧਾਰ 'ਤੇ ਫੜ ਲਿਆ ਸੀ। ਇਸ ਤੋਂ ਬਾਅਦ ਉਹਨਾ ਨੂੰ 403 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਇਸ ਦੌਰਾਨ ਈਰਾਨ ਪੁਲਸ ਵੱਲੋਂ ਉਹਨਾਂ ਖ਼ਿਲਾਫ਼ ਕੋਈ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਚਾਬਹਾਰ ਦੀ ਇਕ ਅਦਾਲਤ ਨੇ ਪੰਜ ਭਾਰਤੀ ਮਲਾਹਾਂ ਨੂੰ ਬੇਕਸੂਰ ਮੰਨਦੇ ਹੋਏ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਹਾਲਾਂਕਿ ਰਿਹਾਅ ਹੋਣ ਤੋਂ ਬਾਅਦ ਵੀ ਭਾਰਤੀ ਮਲਾਹਾਂ ਦੇ ਪਾਸਪੋਰਟ ਅਤੇ ਪਛਾਣ ਪੱਤਰ ਵਾਪਸ ਨਹੀਂ ਕੀਤੇ ਗਏ, ਜਿਸ ਕਾਰਨ ਇਹ ਪੰਜੇ ਈਰਾਨ ਵਿੱਚ ਫਸੇ ਹੋਏ ਹਨ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਆਪਣੇ ਦਿਨ ਕੱਟ ਰਹੇ ਸਨ। ਹੁਣ ਭਾਰਤ ਸਰਕਾਰ ਦੀ ਮਦਦ ਨਾਲ ਇਹ ਪੰਜ ਭਾਰਤੀ ਮਲਾਹ ਜਲਦ ਹੀ ਵਤਨ ਪਰਤਣਗੇ।