- Updated: June 26, 2024 08:20 AM
ਕੀਨੀਆ 'ਚ ਟੈਕਸਾਂ ਦੇ ਵਧਦੇ ਬੋਝ ਤੋਂ ਨਾਰਾਜ਼ ਹਜ਼ਾਰਾਂ ਲੋਕ ਮੰਗਲਵਾਰ ਨੂੰ ਸੰਸਦ ਕੰਪਲੈਕਸ 'ਚ ਦਾਖਲ ਹੋ ਗਏ। ਕੀਨੀਆ ਦੀ ਸੰਸਦ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਨੇ ਗੋਲੀਬਾਰੀ ਕੀਤੀ, ਜਿਸ ਨਾਲ ਦਸ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ।
ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਦੇ ਕੁਝ ਹਿੱਸਿਆਂ ਨੂੰ ਅੱਗ ਲਾ ਦਿੱਤੀ। ਜਦੋਂ ਪ੍ਰਦਰਸ਼ਨਕਾਰੀ ਕੀਨੀਆ ਦੀ ਸੰਸਦ ਦੇ ਅਹਾਤੇ ਵਿਚ ਦਾਖਲ ਹੋਏ ਤਾਂ ਸੰਸਦ ਮੈਂਬਰ ਟੈਕਸ ਵਧਾਉਣ ਦੇ ਬਿੱਲ 'ਤੇ ਚਰਚਾ ਕਰ ਰਹੇ ਸਨ। ਇਸ ਦੌਰਾਨ ਨੈਰੋਬੀ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ। ਗੋਲੀਬਾਰੀ 'ਚ 50 ਲੋਕ ਜ਼ਖ਼ਮੀ ਹੋਏ ਹਨ। ਭਾਰਤ ਸਰਕਾਰ ਵੀ ਇਸ ਹਿੰਸਾ ਤੋਂ ਚਿੰਤਤ ਹੈ। ਨੈਰੋਬੀ, ਕੀਨੀਆ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਉੱਥੇ ਮੌਜੂਦ ਭਾਰਤੀਆਂ ਲਈ ਕੁਝ ਦਿਸ਼ਾ-ਨਿਰਦੇਸ਼ ਸਾਂਝੇ ਕੀਤੇ।
ਭਾਰਤੀ ਹਾਈ ਕਮਿਸ਼ਨ ਨੇ ਇੱਕ ਐਡਵਾਈਜ਼ਰੀ ਵਿੱਚ ਕਿਹਾ, "ਮੌਜੂਦਾ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਕੀਨੀਆ ਵਿੱਚ ਸਾਰੇ ਭਾਰਤੀਆਂ ਨੂੰ ਬਹੁਤ ਸਾਵਧਾਨੀ ਵਰਤਣ, ਗੈਰ-ਜ਼ਰੂਰੀ ਆਵਾਜਾਈ ਨੂੰ ਸੀਮਤ ਕਰਨ ਅਤੇ ਸਥਿਤੀ ਦੇ ਆਮ ਹੋਣ ਤੱਕ ਵਿਰੋਧ ਅਤੇ ਹਿੰਸਾ ਪ੍ਰਭਾਵਿਤ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।" ਇੱਕ ਅਧਿਕਾਰਤ ਅਨੁਮਾਨ ਅਨੁਸਾਰ, ਲਗਭਗ 20,000 ਭਾਰਤੀ ਇਸ ਸਮੇਂ ਕੀਨੀਆ ਵਿੱਚ ਰਹਿ ਰਹੇ ਹਨ।