ਵਿਜੀਲੈਂਸ ਬਿਊਰੋ ਨੇ 1.30 ਲੱਖ ਰੁ. ਦੀ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਬਿਊਰੋ ਨੇ 1.30 ਲੱਖ ਰੁ. ਦੀ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕੀਤਾ ਕਾਬੂ

ਭ੍ਰਿਸ਼ਟਾਚਾਰ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਨੇ ਸੀ.ਆਈ.ਏ. ਸਟਾਫ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ASI) ਗੁਰਜੀਤ ਸਿੰਘ ਉਰਫ਼ ਗੋਲਡੀ ਨੂੰ 1 ਲੱਖ 30 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ।

ਵਿਜੀਲੈਂਸ ਬਿਊਰੋ ਵੱਲੋਂ ਮਿਲੀ ਜਾਣਕਾਰੀ ਮੁਤਾਬਕ ASI ਖਿਲਾਫ ਪਿੰਡ ਨੌਰੰਗ ਕੇ ਲੇਲੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਾਸੀ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ‘ਤੇ ਇਹ ਕਾਰਵਾਈ ਕੀਤੀ ਗਈ।

ਸ਼ਿਕਾਇਤਕਰਤਾ ਪਸ਼ੂਆਂ ਦੀ ਖਰੀਦੋ-ਫਰੋਖ਼ਤ ਦਾ ਕਾਰੋਬਾਰ ਕਰਦਾ ਹੈ ਅਤੇ ਉਸ ਦੇ ਰਿਸ਼ਤੇਦਾਰ ਖ਼ਿਲਾਫ਼ ਸੀਆਈਏ ਵੱਲੋਂ ਫਿਰੋਜ਼ਪੁਰ ਛਾਉਣੀ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇਸ ਸਬੰਧ ਵਿੱਚ ਦੋਸ਼ੀ ASI ਸ਼ਿਕਾਇਤਕਰਤਾ ਨੂੰ ਮਿਲਿਆ ਅਤੇ ਧਮਕੀ ਦਿੱਤੀ ਕਿ ਇਸ ਮਾਮਲੇ ਵਿੱਚ ਉਸਦੇ ਰਿਸ਼ਤੇਦਾਰ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ASI ਗੁਰਜੀਤ ਸਿੰਘ ਨੇ ਇਸ ਮਾਮਲੇ ਵਿੱਚ ਉਸਦੇ ਰਿਸ਼ਤੇਦਾਰ ਦੀ ਗ੍ਰਿਫ਼ਤਾਰੀ ਟਾਲਣ ਅਤੇ ਜ਼ਮਾਨਤ ਲਈ ਰਸਤਾ ਸਾਫ ਕਰਨ ਬਦਲੇ ਢਾਈ ਲੱਖ ਰੁਪਏ ਰਿਸ਼ਵਤ ਮੰਗੀ। ਦੋਸ਼ੀ ਏ.ਐਸ.ਆਈ. ਨੇ ਇਹ ਵੀ ਦਾਅਵਾ ਕੀਤਾ ਕਿ ਇਹ ਰਕਮ CIA ਸਟਾਫ ਦੇ ਇੰਚਾਰਜ ਮੋਹਿਤ ਧਵਨ ਨੂੰ ਸੌਂਪੀ ਜਾਣੀ ਸੀ। ਅਖੀਰ 2 ਲੱਖ 30 ਹਜਾਰ ਰੁਪਏ ਵਿਚ ਸੌਦਾ ਤੈਅ ਹੋ ਗਿਆ। ਸ਼ਿਕਾਇਤਕਰਤਾ ਨੇ ASI ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਵਿਚ ਇੱਕ ਲੱਖ ਰੁਪਏ ਦਿੱਤੇ ਸਨ।

ਸ਼ਿਕਾਇਤਕਰਤਾ ਰਿਸ਼ਵਤ ਦੇ ਹੋਰ ਪੈਸੇ ਨਹੀਂ ਦੇਣਾ ਚਾਹੁੰਦਾ ਸੀ, ਜਿਸ ਕਰਕੇ ਉਸ ਨੇ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ ਮੋਹਾਲੀ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 1,30,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।