ਕੈਨੇਡਾ ਦੇ PR ਪ੍ਰੋਸੈਸ ''ਚ ਵੱਡੇ ਬਦਲਾਅ ਦੀ ਤਿਆਰੀ, ਪੰਜਾਬੀਆਂ ਲਈ ਚੰਗੀ ਖ਼ਬਰ 

ਕੈਨੇਡਾ ਦੇ PR ਪ੍ਰੋਸੈਸ ''ਚ ਵੱਡੇ ਬਦਲਾਅ ਦੀ ਤਿਆਰੀ, ਪੰਜਾਬੀਆਂ ਲਈ ਚੰਗੀ ਖ਼ਬਰ 

ਕੈਨੇਡਾ ਵਿੱਚ ਪੱਕੇ ਤੌਰ 'ਤੇ ਵਸਣ ਦਾ ਸੁਪਨਾ ਦੇਖ ਰਹੇ ਭਾਰਤੀਆਂ ਖ਼ਾਸ ਕਰ ਕੇ ਪੰਜਾਬੀ ਨੌਜਵਾਨਾਂ ਲਈ ਇੱਕ ਅਹਿਮ ਖ਼ਬਰ ਹੈ। ਕੈਨੇਡਾ ਸਰਕਾਰ ਆਪਣੇ ਪ੍ਰਮੁੱਖ 'ਐਕਸਪ੍ਰੈਸ ਐਂਟਰੀ ਸਿਸਟਮ' ਵਿੱਚ ਵੱਡੇ ਸੁਧਾਰਾਂ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਇਹ ਨਵੇਂ ਨਿਯਮ ਆਉਣ ਵਾਲੇ 12 ਤੋਂ 18 ਮਹੀਨਿਆਂ ਵਿੱਚ ਲਾਗੂ ਹੋਣ ਦੀ ਸੰਭਾਵਨਾ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਉਮੀਦਵਾਰਾਂ ਨੂੰ ਆਪਣੀ ਪ੍ਰੋਫਾਈਲ ਮਜ਼ਬੂਤ ਕਰਨ ਲਈ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

ਕੈਨੇਡਾ ਦੀ PR ਪ੍ਰਕਿਰਿਆ ਵਿੱਚ ਭਾਸ਼ਾ ਦਾ ਸਕੋਰ ਹਮੇਸ਼ਾ ਹੀ ਸਭ ਤੋਂ ਮਹੱਤਵਪੂਰਨ ਰਿਹਾ ਹੈ। IELTS/CELPIP ਜਿਹੀਆਂ ਭਾਸ਼ਾ ਪ੍ਰੀਖਿਆ 'ਚ ਬਿਹਤਰ ਸਕੋਰ ਪਾਉਣ ਵਾਲੇ ਉਮੀਦਵਾਰਾਂ ਨੂੰ ਫਾਇਦਾ ਮਿਲ ਸਕਦਾ ਹੈ।ਪ੍ਰਸਤਾਵਿਤ ਬਦਲਾਅ ਤੋਂ ਬਾਅਦ ਵੀ ਇਸ ਦੀ ਅਹਿਮੀਅਤ ਬਣੀ ਰਹੇਗੀ। ਜੇਕਰ ਤੁਹਾਡੇ ਭਾਸ਼ਾ ਪ੍ਰੀਖਿਆ ਦੇ ਨਤੀਜੇ ਛੇ ਮਹੀਨੇ ਜਾਂ ਉਸ ਤੋਂ ਪੁਰਾਣੇ ਹਨ, ਤਾਂ ਦੁਬਾਰਾ ਪ੍ਰੀਖਿਆ ਦੇ ਕੇ ਸਕੋਰ ਸੁਧਾਰਨ 'ਤੇ ਵਿਚਾਰ ਕਰੋ। ਚੰਗਾ ਸਕੋਰ ਨਾ ਸਿਰਫ਼ ਮੌਜੂਦਾ CRS ਸਿਸਟਮ ਵਿੱਚ ਫਾਇਦਾ ਦੇਵੇਗਾ, ਬਲਕਿ ਨਵੀਂ ਰੈਂਕਿੰਗ ਪ੍ਰਣਾਲੀ ਵਿੱਚ ਵੀ ਤੁਹਾਡੀ ਸਥਿਤੀ ਮਜ਼ਬੂਤ ਕਰੇਗਾ।

ਸਰਕਾਰ ਪਿਛਲੇ ਤਿੰਨ ਸਾਲਾਂ ਵਿੱਚ ਘੱਟੋ-ਘੱਟ ਇੱਕ ਸਾਲ ਦੇ ਹੁਨਰਮੰਦ ਕੰਮ ਦੇ ਤਜਰਬੇ ਨੂੰ ਮਿਆਰੀ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ। ਖ਼ਾਸ ਕਰਕੇ ਆਈ.ਟੀ., ਹੈਲਥਕੇਅਰ, ਇੰਜੀਨੀਅਰਿੰਗ, ਫਾਇਨਾਂਸ ਅਤੇ ਟ੍ਰੇਡ ਸੈਕਟਰ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਇਹ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੇ ਕੋਲ ਹਾਲੇ ਲੋੜੀਂਦਾ ਤਜਰਬਾ ਨਹੀਂ ਹੈ, ਤਾਂ ਅਗਲੇ ਇੱਕ-ਦੋ ਸਾਲਾਂ ਵਿੱਚ ਇਸ ਨੂੰ ਪੂਰਾ ਕਰਨ ਅਤੇ ਦਸਤਾਵੇਜ਼ੀ ਤੌਰ 'ਤੇ ਪ੍ਰਮਾਣਿਤ ਕਰਨ ਵੱਲ ਧਿਆਨ ਦਿਓ।

ਨਵੇਂ ਸੁਧਾਰਾਂ ਵਿੱਚ ਤਕਨੀਕੀ ਅਤੇ ਟ੍ਰੇਡ ਕਿੱਤਿਆਂ ਨੂੰ ਵਧੇਰੇ ਮਹੱਤਵ ਦਿੱਤੇ ਜਾਣ ਦੇ ਸੰਕੇਤ ਮਿਲੇ ਹਨ। ਇਲੈਕਟ੍ਰੀਸ਼ੀਅਨ, ਪਲੰਬਰ, ਵੈਲਡਰ ਅਤੇ ਮਕੈਨਿਕ ਵਰਗੇ ਸਕਿਲਡ ਟ੍ਰੇਡਾਂ ਨਾਲ ਜੁੜੇ ਲੋਕਾਂ ਲਈ PR ਦੇ ਵਧੇਰੇ ਮੌਕੇ ਪੈਦਾ ਹੋ ਸਕਦੇ ਹਨ। ਇਸ ਤੋਂ ਇਲਾਵਾ ਆਪਣੇ ਖੇਤਰ ਨਾਲ ਸਬੰਧਤ ਮਾਨਤਾ ਪ੍ਰਾਪਤ ਪ੍ਰੋਫੈਸ਼ਨਲ ਸਰਟੀਫਿਕੇਟ ਹਾਸਲ ਕਰਨਾ ਵੀ ਤੁਹਾਡੀ ਪ੍ਰੋਫਾਈਲ ਨੂੰ ਦੂਜਿਆਂ ਨਾਲੋਂ ਅੱਗੇ ਰੱਖੇਗਾ।

ਕੈਨੇਡਾ ਸਰਕਾਰ ਨੇ ਹਾਲੇ ਨਵੇਂ ਸਿਸਟਮ ਦੀ ਪੂਰੀ ਰੂਪਰੇਖਾ ਜਨਤਕ ਨਹੀਂ ਕੀਤੀ ਹੈ, ਪਰ ਇਹ ਸਪੱਸ਼ਟ ਹੈ ਕਿ ਜਦੋਂ ਵੀ ਨਵਾਂ ਸਿਸਟਮ ਲਾਗੂ ਹੋਵੇਗਾ, ਸਿਰਫ਼ ਸਭ ਤੋਂ ਮਜ਼ਬੂਤ ਪ੍ਰੋਫਾਈਲ ਵਾਲੇ ਉਮੀਦਵਾਰਾਂ ਨੂੰ ਹੀ 'ਇਨਵੀਟੇਸ਼ਨ ਟੂ ਅਪਲਾਈ' (ITA) ਮਿਲਣ ਦੀ ਸਭ ਤੋਂ ਵੱਧ ਸੰਭਾਵਨਾ ਹੋਵੇਗੀ।