ਪੰਜਾਬ ਲਈ ਖ਼ਤਰੇ ਦੀ ਘੰਟੀ: ਭਾਖੜਾ ਡੈਮ ਦਾ ਪਾਣੀ ਪੱਧਰ ਵਧਿਆ, BBMB ਨੇ ਜਾਰੀ ਕੀਤੀਆਂ ਹਦਾਇਤਾਂ

ਪੰਜਾਬ ਲਈ ਖ਼ਤਰੇ ਦੀ ਘੰਟੀ: ਭਾਖੜਾ ਡੈਮ ਦਾ ਪਾਣੀ ਪੱਧਰ ਵਧਿਆ, BBMB ਨੇ ਜਾਰੀ ਕੀਤੀਆਂ ਹਦਾਇਤਾਂ

 ਪੰਜਾਬ 'ਚ ਮਾਨਸੂਨ ਦੇ ਆਉਣ ਲਈ ਅਜੇ ਤਿੰਨ-ਚਾਰ ਹਫ਼ਤਿਆਂ ਦਾ ਸਮਾਂ ਬਚਿਆ ਹੈ ਪਰ ਉਸ ਤੋਂ ਪਹਿਲਾਂ ਹੀ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (BBMB) ਦੀ ਚਿੰਤਾ ਵਧ ਗਈ ਹੈ। ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਨੇ ਸਥਿਤੀ ਨੂੰ ਵੇਖਦੇ ਹੋਏ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਰਗੇ ਹਿੱਸੇਦਾਰ ਸੂਬਿਆਂ ਨੂੰ ਆਪਣੀ ਤੈਅ ਮਾਤਰਾ ਤੋਂ ਵਾਧੂ ਪਾਣੀ ਲੈਣ ਦੀ ਅਪੀਲ ਕੀਤੀ ਹੈ।  ਭਾਖੜਾ ਡੈਮ ਦੀ ਵੱਧ ਤੋਂ ਵੱਧ ਪਾਣੀ ਦੀ ਸਮਰੱਥਾ 1680 ਫੁੱਟ ਹੈ। ਇਸ ਵੇਲੇ ਡੈਮ ਦਾ ਪੱਧਰ 1578 ਫੁੱਟ ਹੈ। ਬਹੁਤ ਜ਼ਿਆਦਾ ਗਰਮੀ ਪੈਣ ਕਾਰਨ ਹਿਮਾਚਲ ਪ੍ਰਦੇਸ਼ ਵਿਚ ਗਲੇਸ਼ੀਅਕ ਪਿਘਲਣ ਦੇ ਕਾਰਨ ਸਤਲੁਜ ਅਤੇ ਸਹਾਇਕ ਨਦੀਆਂ ਵਿਚ ਇਨ੍ਹੀਂ ਦਿਨੀਂ ਪਾਣੀ ਦੀ ਮਾਤਰਾ ਕਾਫ਼ੀ ਵੱਧ ਹੈ। ਇਸ ਦੇ ਕਾਰਨ ਹੀ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ।

ਜੂਨ ਦੇ ਆਖਰੀ ਹਫ਼ਤੇ ਤੱਕ ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੀ ਬਾਰਿਸ਼ ਸ਼ੁਰੂ ਹੁੰਦੀ ਹੈ। ਜੁਲਾਈ ਦੇ ਪਹਿਲੇ ਹਫ਼ਤੇ ਤੱਕ ਪੰਜਾਬ ਵਿਚ ਵੀ ਮਾਨਸੂਨ ਪਹੁੰਚ ਜਾਂਦਾ ਹੈ। ਇਸ ਦੌਰਾਨ ਨਦੀਆਂ ਵਿਚ ਪਾਣੀ ਦਾ ਪੱਧਰ ਕਾਫ਼ੀ ਵਧ ਜਾਂਦਾ ਹੈ। ਅਜਿਹੇ ਵਿਚ ਜੇਕਰ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਕੁਝ ਘਟ ਨਾ ਕੀਤਾ ਗਿਆ ਤਾਂ ਮਾਨਸੂਨ ਦੇ ਦੌਰਾਨ  ਪੰਜਾਬ-ਹਿਮਾਚਲ ਵਿਚ ਹੜ੍ਹ ਦੀ ਸਥਿਤੀ ਬਣ ਸਕਦੀ ਹੈ।  

ਸੂਬਿਆਂ ਨੂੰ ਸਲਾਹ 
BBMB ਨੇ ਸਲਾਹ ਦਿੱਤੀ ਹੈ ਕਿ ਹੁਣ ਝੋਨੇ (ਧਾਨ) ਦਾ ਸੀਜ਼ਨ ਚੱਲ ਰਿਹਾ ਹੈ, ਇਸ ਲਈ ਪੰਜਾਬ ਅਤੇ ਹਰਿਆਣਾ ਨੂੰ ਆਪਣੇ ਕੋਟੇ ਦਾ ਪਾਣੀ ਵੱਧ ਤੋਂ ਵੱਧ ਵਰਤਣਾ ਚਾਹੀਦਾ ਹੈ ਤਾਂ ਜੋ ਗੋਵਿੰਦ ਸਾਗਰ ਝੀਲ 'ਚ ਆਉਣ ਵਾਲੀ ਮਾਨਸੂਨੀ ਬਾਰਿਸ਼ ਦੇ ਪਾਣੀ ਨੂੰ ਸੰਭਾਲਣ ਲਈ ਜਗ੍ਹਾ ਬਣਾਈ ਜਾ ਸਕੇ। ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਇਸ ਵੇਲੇ 1578.07 ਫੁੱਟ ਤੱਕ ਪਹੁੰਚ ਚੁੱਕਾ ਹੈ, ਜੋ ਪਿਛਲੇ ਸਾਲ ਦੀ ਤੁਲਨਾ ਵਿਚ ਲਗਭਗ 21.47 ਫੁੱਟ ਵਾਧੂ ਹੈ। ਭਾਖੜਾ ਡੈਮ ਦੀ ਕੁੱਲ੍ਹ ਸਮਰੱਥਾ 1680 ਫੁੱਟ ਹੈ। ਮਾਨਸੂਨ ਦੀ ਭਾਰੀ ਬਾਰਿਸ਼ ਅਤੇ ਪਹਾੜਾਂ ਤੋਂ ਪਿਘਲਣ ਵਾਲੀ ਬਰਫ਼ ਦੇ ਪਾਣੀ ਨੂੰ ਸੰਭਾਲਣ ਲਈ ਗੋਵਿੰਦ ਸਾਗਰ ਝੀਲ ਵਿਚ ਖਾਲੀ ਜਗ੍ਹਾ ਬਣਾਉਣਾ ਜ਼ਰੂਰੀ ਹੈ। ਮੰਗਲਵਾਰ ਨੂੰ ਬੀ. ਬੀ. ਐੱਮ. ਬੀ. ਹੈੱਡਕੁਆਰਟਰ ਵਿਖੇ ਤਕਨੀਕੀ ਕਮੇਟੀ ਦੀ ਮੀਟਿੰਗ ਹੋਈ ਹੈ, ਜਿਸ ‘ਚ ਪਾਣੀ ਪ੍ਰਬੰਧਨ, ਸਿੰਚਾਈ ਦੀਆਂ ਜ਼ਰੂਰਤਾਂ ਤੇ ਡੈਮ ਦੀ ਤਕਨੀਕੀ ਸਥਿਤੀ ‘ਤੇ ਚਰਚਾ ਹੋਈ। ਅਧਿਕਾਰੀਆਂ ਨੇ ਸੂਬਿਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ, ਜਿਸ ਨਾਲ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਿਆ ਜਾ ਸਕੇ।

ਹੜ੍ਹਾਂ ਦਾ ਖਤਰਾ
ਜੇਕਰ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਡੈਮ ਦਾ ਪੱਧਰ ਘੱਟ ਨਾ ਕੀਤਾ ਗਿਆ, ਤਾਂ ਅਚਾਨਕ ਪਾਣੀ ਵਧਣ ਕਾਰਨ ਨੀਵੇਂ ਇਲਾਕਿਆਂ ਵਿੱਚ ਹੜ੍ਹਾਂ ਦਾ ਖਤਰਾ ਪੈਦਾ ਹੋ ਸਕਦਾ ਹੈ।

ਇੰਝ ਮਿਲਦਾ ਹੈ ਸੂਬਿਆਂ ਨੂੰ ਪਾਣੀ
BBMB ਹਰ ਸਾਲ ਮਾਨਸੂਨ ਦੀਆਂ ਸਥਿਤੀਆਂ ਅਤੇ ਡੈਮਾਂ ਵਿੱਚ ਆਉਣ ਵਾਲੇ ਪ੍ਰਵਾਹ ਦੇ ਆਧਾਰ 'ਤੇ ਸਾਲਾਨਾ ਕੋਟਾ (ਸਾਲਾਨਾ ਲੇਖਾ ਸਾਲ ਦੇ ਅਨੁਸਾਰ) ਨਿਰਧਾਰਤ ਕਰਦਾ ਹੈ। ਆਮ ਜਾਂ ਹਾਲੀਆ ਰਿਕਾਰਡਾਂ (ਜਿਵੇਂ ਕਿ ਮੌਜੂਦਾ ਚੱਕਰ) ਦੇ ਆਧਾਰ 'ਤੇ ਸਾਲ ਲਈ ਪ੍ਰਮੁੱਖ ਰਾਜਾਂ ਲਈ ਸਾਲਾਨਾ ਪਾਣੀ ਦੀ ਵੰਡ, ਮਿਲੀਅਨ ਏਕੜ ਫੁੱਟ (MAF) ਵਿੱਚ ਹੁੰਦੀ ਹੈ।
ਇਸ ਹਿਸਾਬ ਨਾਲ ਪੰਜਾਬ ਨੂੰ 5.512 MAF ਪਾਣੀ ਮਿਲਦਾ ਹੈ। ਹਰਿਆਣਾ ਨੂੰ 2.987 MAF ਮਿਲਦਾ ਹੈ ਅਤੇ ਰਾਜਸਥਾਨ ਨੂੰ 3.318 MAF ਮਿਲਦਾ ਹੈ। ਪਾਣੀ ਦੀ ਵੰਡ 21 ਮਈ ਨੂੰ ਸ਼ੁਰੂ ਹੁੰਦੀ ਹੈ ਅਤੇ ਅਗਲੇ ਸਾਲ 20 ਮਈ ਤੱਕ ਜਾਰੀ ਰਹਿੰਦੀ ਹੈ।

1987 ਤੋਂ ਬਾਅਦ ਪਿਛਲੇ ਸਾਲ ਆਇਆ ਸੀ ਹੜ੍ਹ
1987 ਤੋਂ ਬਾਅਦ ਪੰਜਾਬ ਵਿਚ ਪਿਛਲੇ ਸਾਲ ਹੜ੍ਹ ਆਏ ਸਨ। ਸੂਬਾ ਸਰਕਾਰ ਨੇ 23 ਜ਼ਿਲ੍ਹਿਆਂ ਵਿਚ ਆਫ਼ਤ ਐਲਾਨ ਦਿੱਤੀ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਖੇਤੀ ਮੰਤਰੀ ਨੇ ਪੰਜਾਬ ਦਾ ਦੌਰਾ ਕੀਤਾ ਸੀ ਅਤੇ ਪੈਕੇਜ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ 1987 ਤੋਂ ਬਾਅਦ ਸੂਬੇ 'ਚ ਹੜ੍ਹ ਵਰਗੀ ਗੰਭੀਰ ਸਥਿਤੀ ਪੈਦਾ ਹੋ ਗਈ ਸੀ, ਜਿਸ ਤੋਂ ਬਚਣ ਲਈ ਇਸ ਵਾਰ ਪਹਿਲਾਂ ਹੀ ਸਾਵਧਾਨੀ ਵਰਤੀ ਜਾ ਰਹੀ ਹੈ।