- Updated: July 06, 2024 11:36 PM
ਸੀਨੀਅਰ ਅਕਾਲੀ ਆਗੂ ਗੁਰਚਰਨ ਸਿੰਘ ਪਰਮਾਰ ਐਡਵੋਕੇਟ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਗੁਰਚਰਨ ਸਿੰਘ ਪਰਮਾਰ ਨੂੰ 'ਆਮ ਆਦਮੀ ਪਾਰਟੀ' ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਸ਼ਾਮਲ ਕੀਤਾ। ਡਾ. ਗੁਰਪ੍ਰੀਤ ਕੌਰ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿਚ ਪਰਮਾਰ ਦੀ ਪਤਨੀ ਰਮਨਜੀਤ ਕੌਰ ਅਤੇ ਬੇਟਾ ਗੁਰਕਰਨ ਸਿੰਘ ਵੀ ਸ਼ਾਮਲ ਸੀ।
ਡਾ. ਗੁਰਪ੍ਰੀਤ ਕੌਰ ਨੇ ਸਮੁੱਚੇ ਪਰਿਵਾਰ ਦਾ 'ਆਮ ਆਦਮੀ ਪਾਰਟੀ' ਵਿਚ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਪਾਰਟੀ ਨੂੰ ਬਲ ਮਿਲਿਆ ਹੈ ਅਤੇ ਜਲੰਧਰ ਵੈਸਟ ਦੀ ਜ਼ਿਮਨੀ ਚੋਣ ਵਿਚ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੇਗੀ। ਗੁਰਚਰਨ ਸਿੰਘ ਪਰਮਾਰ ਨੇ 2002 ਵਿਚ ਅਕਾਲੀ ਦਲ ਦੀ ਟਿਕਟ ’ਤੇ ਆਦਮਪੁਰ ਤੋਂ ਚੋਣ ਲੜੀ ਸੀ। ਉਹ ਪਿਛਲੇ 35 ਸਾਲਾਂ ਤੋਂ ਅਕਾਲੀ ਦਲ ਵਿਚ ਬਣੇ ਹੋਏ ਸਨ। 1984 ਵਿਚ ਧਰਮਯੁੱਧ ਮੋਰਚੇ ਦੌਰਾਨ ਉਨ੍ਹਾਂ ਜੇਲ੍ਹ ਵੀ ਕੱਟੀ ਸੀ। ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਨਾਲ ਵੀ ਜੁੜੇ ਰਹੇ ਹਨ।
ਪਰਮਾਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਨਤਾ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਜਲੰਧਰ ਵੈਸਟ ਦੀ ਜ਼ਿਮਨੀ ਚੋਣ ਵਿਚ ‘ਆਪ’ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਉਹ ਪੂਰਾ ਜ਼ੋਰ ਲਾਉਣਗੇ।