- Updated: July 25, 2024 08:27 PM
ਲੋਕ ਸਭਾ ਵਿਚ ਚਰਚਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਭਾਜਪਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਆਹਮੋ ਸਾਹਮਣੇ ਹੋ ਗਏ।ਇਸ ਦੌਰਾਨ ਰਵਨੀਤ ਸਿੰਘ ਬਿੱਟੂ ’ਤੇ ਹਮਲਾ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤੁਹਾਡੇ ਦਾਦਾ ਜੀ ਸ਼ਹੀਦ ਹੋਏ ਸਨ ਪਰ ਉਹ ਉਸ ਦਿਨ ਮਰੇ, ਜਿਸ ਦਿਨ ਤੁਸੀਂ ਕਾਂਗਰਸ ਪਾਰਟੀ ਛੱਡੀ, ਇਸ ਦਾ ਜਵਾਬ ਦਿੰਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੇਰੇ ਦਾਦਾ ਜੀ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ ਨਾ ਕਿ ਕਾਂਗਰਸ ਪਾਰਟੀ ਲਈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ’ਚ ਸਭ ਤੋਂ ਵੱਧ ਕੇਸ ਚੰਨੀ ਦੇ ਨਾਂਅ ’ਤੇ ਦਰਜ ਹਨ। ਉਨ੍ਹਾਂ ਅੱਗੇ ਕਿਹਾ ਕਿ ਚਰਨਜੀਤ ਸਿੰਘ ਪਹਿਲਾਂ ਆਪਣੀ ਜਾਇਦਾਦ ਦਾ ਬਿਓਰਾ ਦੇਣ, ਉਹ ਸਭ ਤੋਂ ਅਮੀਰ ਸੰਸਦ ਮੈਂਬਰ ਹਨ। ਚੰਨੀ ਹਜ਼ਾਰਾਂ ਕਰੋੜਾਂ ਰੁਪਏ ਦੀ ਜਾਇਦਾਦ ਦਾ ਮਾਲਕ ਹੈ।
ਲੋਕ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਅੱਜ ਪੰਜਾਬ ਦੇ ਸਾਬਕਾ ਮੁੱਖ ਤੇ ਕਾਂਗਰਸ ਵੱਲੋਂ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਵਿਚਕਾਰ ਰੱਜ ਕੇ ਬਹਿਸਬਾਜ਼ੀ ਹੋਈ। ਦੋਵਾਂ ਨੇ ਇਕ ਦੂਜੇ 'ਤੇ ਰੱਜ ਕੇ ਜ਼ੁਬਾਨੀ ਹਮਲੇ ਕੀਤੇ, ਜਿਸ ਕਾਰਨ ਲੋਕ ਸਭਾ ਦਾ ਮਾਹੌਲ ਗਰਮਾ ਗਿਆ ਤੇ ਕਾਰਵਾਈ 2 ਵਾਰ ਮੁਲਤਵੀ ਕਰਨੀ ਪਈ।
ਦਿਨ ਦੀ ਕਾਰਵਾਈ ਸਮਾਪਤ ਹੋਣ ਤੋਂ ਬਾਅਦ ਰਵਨੀਤ ਬਿੱਟੂ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਚਰਨਜੀਤ ਸਿੰਘ ਚੰਨੀ 'ਦੇਸ਼ਧ੍ਰੋਹੀ' ਵਾਲਾ ਵਿਵਹਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਗ਼ਲਤ ਬਿਆਨਬਾਜ਼ੀ ਕਰ ਕੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ।
ਉਨ੍ਹਾਂ ਕਿਹਾ, ''ਇਕ ਸਾਬਕਾ ਮੁੱਖ ਮੰਤਰੀ ਦੇਸ਼ਧ੍ਰੋਹੀਆਂ ਵਾਲਾ ਵਿਵਹਾਰ ਕਰ ਰਹੇ ਹਨ ਤੇ ਦੇਸ਼ਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੰਨੀ ਨੇ ਲੋਕ ਸਭਾ 'ਚ ਕਿਹਾ ਸੀ ਕਿ ਕਿਸਾਨਾਂ 'ਤੇ ਐੱਨ.ਐੱਸ.ਏ. ਲਗਾਇਆ ਗਿਆ ਹੈ, ਜਦਕਿ ਐੱਨ.ਐੱਸ.ਏ. ਤਾਂ ਉਨ੍ਹਾਂ ਲੋਕਾਂ 'ਤੇ ਲਗਾਇਆ ਜਾਂਦਾ ਹੈ, ਜੋ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੁੰਦੇ ਹਨ ਤੇ ਦੇਸ਼ ਨੂੰ ਤੋੜਨਾ ਚਾਹੁੰਦੇ ਹਨ।
ਇਸ ਦੌਰਾਨ ਜਦੋਂ ਬਿੱਟੂ ਨੇ ਪੁੱਛਿਆ ਕਿ ਕਿਹੜੇ ਕਿਸਾਨਾਂ 'ਤੇ ਐੱਨ.ਐੱਸ.ਏ. ਲਗਾਇਆ ਗਿਆ ਹੈ, ਉਸ ਦਾ ਵੇਰਵਾ ਦਿੱਤਾ ਜਾਵੇ ਤੇ ਸਬੂਤ ਦਿਖਾਏ ਜਾਣ, ਤਾਂ ਉਨ੍ਹਾਂ ਨੂੰ ਕੋਈ ਜਵਾਬ ਨਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਇਹ ਵੀ ਕਿਹਾ ਕਿ ਚੰਨੀ ਦੇ ਇਸ ਬਿਆਨ ਕਾਰਨ ਪੂਰੀ ਕਾਂਗਰਸ ਪਾਰਟੀ ਤੇ 'ਇੰਡੀਆ' ਗਠਜੋੜ ਸ਼ਰਮਸਾਰ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਚਰਨਜੀਤ ਚੰਨੀ ਨੇ ਸੰਸਦ ਵਿਚ ਸੰਬੋਧਨ ਕਰਦੇ ਹੋਏ ਰਵਨੀਤ ਬਿੱਟੂ ਨੂੰ ਕਿਹਾ ਸੀ ਕਿ ਤੁਹਾਡੇ ਦਾਦਾ ਜੀ (ਬੇਅੰਤ ਸਿੰਘ) ਸ਼ਹੀਦ ਹੋਏ ਸਨ, ਪਰ ਉਹ ਉਸ ਦਿਨ ਮਰੇ ਜਦੋਂ ਤੁਸੀਂ ਕਾਂਗਰਸ ਛੱਡੀ। ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਤਲਖ਼ ਤੇਵਰ ਦਿਖਾਉਂਦਿਆਂ ਕਿਹਾ ਕਿ ਮੇਰੇ ਦਾਦਾ ਜੀ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ। ਉਹ ਦੇਸ਼ ਲਈ ਸ਼ਹੀਦ ਹੋਏ ਸਨ, ਨਾ ਕਿ ਕਾਂਗਰਸ ਲਈ।