ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ''ਚ ਹੋਈ ਕੁੜੀ ਦੀ ਮੌਤ,ਨਮ ਅੱਖਾਂ ਨਾਲ ਲਾਸ਼ ਪਿੰਡ ਪੁੱਜਣ ''ਤੇ ਹੋਇਆ ਅੰਤਿਮ ਸੰਸਕਾਰ

ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ''ਚ ਹੋਈ ਕੁੜੀ ਦੀ ਮੌਤ,ਨਮ ਅੱਖਾਂ ਨਾਲ ਲਾਸ਼ ਪਿੰਡ ਪੁੱਜਣ ''ਤੇ ਹੋਇਆ ਅੰਤਿਮ ਸੰਸਕਾਰ

ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਪਿੰਡ ਲੋਹਟਬੱਦੀ ਦੀ 25 ਸਾਲਾ ਲੜਕੀ ਦੀ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਮੌਤ ਹੋ ਗਈ ਸੀ, ਜਿਸ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਪੁੱਜ ਗਈ ਹੈ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਨਮ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਜਦੋਂ ਹੋਣਹਾਰ ਧੀ ਦੀ ਮ੍ਰਿਤਕ ਦੇਹ ’ਤੇ ਮਾਪਿਆਂ ਵੱਲੋਂ ਫੁਲਕਾਰੀ ਪਾਈ ਗਈ ਤਾਂ ਹਰ ਕਿਸੇ ਦੀ ਅੱਖ ਨਮ ਸੀ।

ਦੱਸਣਯੋਗ ਹੈ ਕਿ ਤਨਵੀਰ ਕੌਰ ਪੁਤਰੀ ਰਣਜੀਤ ਸਿੰਘ ਮੰਡ ਆਪਣੇ ਸੁਨਹਿਰੇ ਭਵਿੱਖ ਲਈ ਕੈਨੇਡਾ ਪੜ੍ਹਾਈ ਕਰਨ ਗਈ ਸੀ ਪਰ 12 ਜੁਲਾਈ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਗੁੱਸਾ ਪ੍ਰਗਟਾਉਂਦਿਆਂ ਕਿਹਾ ਕਿ ਜਿੱਥੇ ਉਨ੍ਹਾਂ ਆਪਣੀ ਲੜਕੀ ਦੀ ਪੜ੍ਹਾਈ ’ਤੇ ਲੱਖਾਂ ਰੁਪਏ ਖਰਚ ਕਰ ਕੇ ਉਸਨੂੰ ਕੈਨੇਡਾ ਭੇਜਿਆ ਸੀ, ਉਥੇ ਹੀ ਹੁਣ ਉਸਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਲਈ ਵੀ ਉਨ੍ਹਾਂ ਨੂੰ 30 ਹਜ਼ਾਰ ਡਾਲਰ ਖਰਚਣੇ ਪਏ ਹਨ। ਪਰ ਇਸ ਕੰਮ ਵਿਚ ਨਾ ਤਾਂ ਕੇਂਦਰ ਸਰਕਾਰ ਅਤੇ ਵਿਦਿਅਰਥੀਆਂ ਤੋਂ ਲੱਖਾਂ ਡਾਲਰ ਇਕੱਠੇ ਕਰ ਰਹੀ ਕੈਨੇਡਾ ਸਰਕਾਰ ਨੇ ਵੀ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ।

ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਵਿਦੇਸ਼ ਵਿਚ ਕਿਸੇ ਵੀ ਵਿਅਕਤੀ ਨਾਲ ਅਜਿਹਾ ਮੰਦਭਾਗਾ ਭਾਣਾ ਵਾਪਰ ਜਾਂਦਾ ਹੈ ਤਾਂ ਸਰਕਾਰਾਂ ਨੂੰ ਉਸ ਪਰਿਵਾਰ ਦੀ ਬਾਂਹ ਫੜਨੀ ਚਾਹੀਦੀ ਹੈ। ਇਸ ਸਮੇਂ ਮ੍ਰਿਤਕਾ ਤਨਵੀਰ ਕੌਰ ਦੇ ਦਾਦਾ ਹਰਚੰਦ ਸਿੰਘ, ਪਿਤਾ ਰਣਜੀਤ ਸਿੰਘ, ਮਾਤਾ ਕਰਮਜੀਤ ਕੌਰ, ਭਰਾ ਮਨਵੀਰ ਸਿੰਘ, ਸਰਪੰਚ ਚੌਧਰੀ ਲਖਬੀਰ ਸਿੰਘ, ਲਾਲ ਸਿੰਘ, ਮਨਜੀਤ ਸਿੰਘ, ਇੰਦਰ ਸਿੰਘ, ਸਵਰਨ ਸਿੰਘ, ਸੈਕਟਰੀ ਦਵਿੰਦਰ ਸਿੰਘ ਤੇ ਮਨਧੀਰ ਸਿੰਘ ਤੇ ਬਲਦੇਵ ਸਿੰਘ ਆਦਿ ਹਾਜ਼ਰ ਸਨ।