ਮਸ਼ਹੂਰ ਕਲਾਕਾਰ ਵਿਵਾਨ ਸੁੰਦਰਮ ਦਾ ਹੋਇਆ ਦਿਹਾਂਤ, 79 ਦੀ ਉਮਰ ''ਚ ਲਏ ਆਖ਼ਰੀ ਸਾਹ।

ਮਸ਼ਹੂਰ ਕਲਾਕਾਰ ਵਿਵਾਨ ਸੁੰਦਰਮ ਦਾ ਹੋਇਆ ਦਿਹਾਂਤ, 79 ਦੀ ਉਮਰ ''ਚ ਲਏ ਆਖ਼ਰੀ ਸਾਹ।

ਮਸ਼ਹੂਰ ਭਾਰਤੀ ਕਲਾਕਾਰ ਵਿਵਾਨ ਸੁੰਦਰਮ ਦਾ ਬੀਤੇ ਦਿਨੀਂ ਯਾਨੀਕਿ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ‘ਸਫਦਰ ਹਾਸ਼ਮੀ ਮੈਮੋਰੀਅਲ ਟਰੱਸਟ’ (ਸਹਿਮਤ) ਵੱਲੋਂ ਜਾਰੀ ਇਕ ਬਿਆਨ ਅਨੁਸਾਰ, ਵਿਵਾਨ ਸੁੰਦਰਮ ਨੇ ਸਵੇਰੇ 9.20 ਵਜੇ ਆਖ਼ਰੀ ਸਾਹ ਲਿਆ। ਅੰਤਿਮ ਸੰਸਕਾਰ ਨਾਲ ਸਬੰਧਤ ਜਾਣਕਾਰੀ ਬਾਅਦ ’ਚ ਉਪਲਬਧ ਕਰਵਾਈ ਜਾਵੇਗੀ। ਵਿਵਾਨ ਸੁੰਦਰਮ ਸਫ਼ਦਰ ਹਾਸ਼ਮੀ ਮੈਮੋਰੀਅਲ ਟਰੱਸਟ ਦੇ ਸੰਸਥਾਪਕ ਟਰੱਸਟੀ ਸਨ। ਸੁੰਦਰਮ ਦੇ ਦੋਸਤ ਅਤੇ ਸਮਾਜ ਸੇਵੀ ਸ਼ਬਨਮ ਹਾਸ਼ਮੀ ਨੇ ਦੱਸਿਆ ਕਿ ਸੁੰਦਰਮ ਪਿਛਲੇ ਕੁਝ ਮਹੀਨਿਆਂ ਤੋਂ ਬੀਮਾਰ ਸਨ। ਹਾਸ਼ਮੀ ਨੇ ‘ਪੀ. ਟੀ. ਆਈ.-ਭਾਸ਼ਾ’ ਨੂੰ ਦੱਸਿਆ, ਪਿਛਲੇ ਤਿੰਨ ਮਹੀਨਿਆਂ ਤੋਂ ਉਹ ਲਗਾਤਾਰ ਇਲਾਜ ਲਈ ਹਸਪਤਾਲ ਜਾ ਰਹੇ ਸਨ।

ਵਿਵਾਨ ਸੁੰਦਰਮ ਦਾ ਜਨਮ 1943 ’ਚ ਸ਼ਿਮਲਾ ’ਚ ਕਲਿਆਣ ਸੁੰਦਰਮ ਅਤੇ ਇੰਦਰਾ ਸ਼ੇਰਗਿੱਲ ਦੇ ਘਰ ਹੋਇਆ ਸੀ। ਕਲਿਆਣ ਸੁੰਦਰਮ ਭਾਰਤ ਦੇ ਕਾਨੂੰਨ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਨ ਅਤੇ ਇੰਦਰਾ ਸ਼ੇਰਗਿੱਲ ਮਸ਼ਹੂਰ ਭਾਰਤੀ ਕਲਾਕਾਰ ਅੰਮ੍ਰਿਤਾ ਇੰਦਰਾ ਸ਼ੇਰਗਿੱਲ ਦੀ ਭੈਣ ਹੈ। ਦਿੱਲੀ ਦੇ ਕਲਾਕਾਰ ਨੇ ਬੜੌਦਾ ਦੀ ਐੱਮ. ਐੱਸ. ਯੂਨੀਵਰਸਿਟੀ ਅਤੇ ਲੰਡਨ ਦੇ ‘ਦਿ ਸਲੇਡ ਸਕੂਲ ਆਫ਼ ਫਾਈਨ ਆਰਟ’ ’ਚ ਪੇਂਟਿੰਗ ਦੀ ਪੜ੍ਹਾਈ ਕੀਤੀ। ਸੁੰਦਰਮ ਦੀਆਂ ਬਹੁਤ ਸਾਰੀਆਂ ਪੇਂਟਿੰਗਾਂ ਕੋਚੀ (2012), ਸਿਡਨੀ (2008), ਸੇਵਿਲ (2006), ਤਾਈਪੇ (2006), ਸ਼ਾਰਜਾਹ (2005), ਸ਼ੰਘਾਈ (2004), ਹਵਾਨਾ (1997), ਜੋਹਾਨਸਬਰਗ (1997) ਅਤੇ ਕਵਾਂਗਜੂ (1997) ’ਚ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਸੁੰਦਰਮ ਦੇ ਪਰਿਵਾਰ ’ਚ ਉਨ੍ਹਾਂ ਦੀ ਪਤਨੀ ਗੀਤਾ ਕਪੂਰ ਹੈ, ਜੋ ਇਕ ਕਲਾ ਆਲੋਚਕ ਹੈ।