- Updated: February 12, 2026 10:54 PM
ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਕਿੰਜਰਾਪੂ ਰਾਮਮੋਹਨ ਨਾਇਡੂ ਨੂੰ ਪੱਤਰ ਲਿਖ ਕੇ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੇ ਪੱਤਰ ’ਚ ਕਿਹਾ ਕਿ 1 ਫਰਵਰੀ, 2026 ਨੂੰ ਹਲਵਾਰਾ ਹਵਾਈ ਅੱਡੇ ਦੇ ਟਰਮੀਨਲ ਭਵਨ ਦੇ ਉਦਘਾਟਨ ਦੇ ਬਾਵਜੂਦ, ਵਪਾਰਕ ਉਡਾਣਾਂ ਅਜੇ ਤੱਕ ਸ਼ੁਰੂ ਨਹੀਂ ਹੋਈਆਂ ਹਨ, ਜਿਸ ਕਾਰਨ ਇਲਾਕੇ ਦੇ ਲੋਕਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ।
ਇਸ ਮੌਕੇ ਸੰਸਦ ਡਾ. ਅਮਰ ਸਿੰਘ ਨੇ ਕਿਹਾ ਕਿ 2018 ਤੋਂ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੰਤਰਾਲੇ ਦੀ ਪ੍ਰਵਾਨਗੀ ਮਿਲਣ ਅਤੇ ਜ਼ਮੀਨ ਪ੍ਰਾਪਤੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, ਟਰਮੀਨਲ ਇਮਾਰਤ, ਪਹੁੰਚ ਸੜਕ ਅਤੇ ਸੀਮਾ ਦੀਵਾਰ ਦਾ ਨਿਰਮਾਣ 2021-22 ’ਚ ਸ਼ੁਰੂ ਹੋਇਆ ਸੀ। ਉਨ੍ਹਾਂ ਕਿਹਾ ਕਿ ਹਲਵਾਰਾ ਭੂਗੋਲਿਕ ਤੌਰ ’ਤੇ ਪੰਜਾਬ ਦੇ ਕੇਂਦਰ ’ਚ ਸਥਿਤ ਹੈ ਅਤੇ ਦੋ ਘੰਟੇ ਦੀ ਉਡਾਣ ’ਚ ਰਾਜ ਦੇ ਜ਼ਿਆਦਾਤਰ ਹਿੱਸੇ ਨੂੰ ਕਵਰ ਕਰਦਾ ਹੈ, ਜਿਸ ਨਾਲ ਇਹ ਸਾਰੇ ਪੰਜਾਬ ਲਈ ਇਕ ਮਹੱਤਵਪੂਰਨ ਹਵਾਈ ਅੱਡਾ ਬਣ ਜਾਂਦਾ ਹੈ।
ਉਨ੍ਹਾਂ ਪੱਤਰ ’ਚ ਕਿਹਾ ਕਿ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ, ਪਰ ਰਾਜ ਸਰਕਾਰ ਦੀ ਢਿੱਲ ਅਤੇ ਯੋਜਨਾਬੰਦੀ ਦੀ ਘਾਟ ਨੇ ਇਸ ਪ੍ਰਾਜੈਕਟ ’ਚ ਤਿੰਨ ਸਾਲਾਂ ਤੋਂ ਵੱਧ ਦੇਰੀ ਕੀਤੀ ਹੈ। ਹੁਣ ਜਦੋਂ ਟਰਮੀਨਲ ਇਮਾਰਤ ਤਿਆਰ ਹੈ, ਤਾਂ ਇੱਥੋਂ ਉਡਾਣਾਂ ਮੁੜ ਸ਼ੁਰੂ ਨਾ ਹੋਣਾ ਸਮਝ ਤੋਂ ਬਾਹਰ ਹੈ। ਸੰਸਦ ਮੈਂਬਰ ਨੇ ਵੱਡੀ ਗਿਣਤੀ ’ਚ ਪ੍ਰਵਾਸੀ ਭਾਰਤੀ ਯਾਤਰੀਆਂ ਨੂੰ ਧਿਆਨ ’ਚ ਰੱਖਦੇ ਹੋਏ, ਦਿੱਲੀ, ਮੁੰਬਈ, ਨਾਂਦੇੜ, ਪਟਨਾ ਅਤੇ ਵਾਰਾਣਸੀ ਲਈ ਉਡਾਣਾਂ ਮੁੜ ਸ਼ੁਰੂ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਉਡਾਣਾਂ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ। ਇਸ ਨਾਲ ਲੋਕਾਂ ਨੂੰ ਹਲਵਾਰਾ ਤੋਂ ਉਡਾਣਾਂ ਮੁੜ ਸ਼ੁਰੂ ਹੋਣ ਤੋਂ ਬਾਅਦ ਉਡਾਣਾਂ ਫੜਨ ਲਈ ਦਿੱਲੀ ਜਾਣ ਦੀ ਮਜਬੂਰੀ ਤੋਂ ਰਾਹਤ ਮਿਲੇਗੀ।