ਅਡਾਨੀ ਦੇ ਵੱਡੇ ਸ਼ੇਅਰਹੋਲਡਰਸ ਤੋਂ ਅਮਰੀਕਾ ਵਿਚ ਪੁੱਛਗਿੱਛ, ਖ਼ਬਰ ਆਉਂਦੇ ਹੀ 52,000 ਕਰੋਡ਼ ਰੁਪਏ ਦਾ ਹੋਇਆ ਨੁਕਸਾਨ

ਅਡਾਨੀ ਦੇ ਵੱਡੇ ਸ਼ੇਅਰਹੋਲਡਰਸ ਤੋਂ ਅਮਰੀਕਾ ਵਿਚ ਪੁੱਛਗਿੱਛ, ਖ਼ਬਰ ਆਉਂਦੇ ਹੀ 52,000 ਕਰੋਡ਼ ਰੁਪਏ ਦਾ ਹੋਇਆ ਨੁਕਸਾਨ

ਅਡਾਨੀ ਸਮੂਹ ਉੱਤੇ ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੇ ਖੁਲਾਸੇ ਦੇ 5 ਮਹੀਨੇ ਬੀਤ ਚੁੱਕੇ ਹਨ ਪਰ ਹੁਣ ਵੀ ਹਿੰਡਨਬਰਗ ਦਾ ਭੂਤ ਕਿਸੇ ਨਾ ਕਿਸੇ ਰੂਪ ’ਚ ਗੌਤਮ ਅਡਾਨੀ ਦੀਆਂ ਕੰਪਨੀਆਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਅਡਾਨੀ ਦੀ ਕੰਪਨੀ ਨਵੀਂ ਮੁਸ਼ਕਲ ’ਚ ਫਸ ਗਈ ਹੈ। ਅਮਰੀਕਾ ’ਚ ਹੁਣ ਅਡਾਨੀ ਦੇ ਵੱਡੇ ਨਿਵੇਸ਼ਕਾਂ ਤੋਂ ਪੁੱਛਗਿੱਛ ਹੋ ਰਹੀ ਹੈ।

ਨਿਊਜ ਏਜੰਸੀ ਬਲੂਮਬਰਗ ਦੀ ਰਿਪੋਰਟ ਮੁਤਾਬਕ ਨਿਊਯਾਰਕ ਬਰੂਕਲਿਨ ਦੇ ਅਮਰੀਕੀ ਅਟਾਰਨੀ ਆਫਿਸ ਨੇ ਅਡਾਨੀ ਗਰੁੱਪ ਦੇ ਵੱਡੇ ਸ਼ੇਅਰਹੋਲਡਰਸ ਤੋਂ ਪੁੱਛਗਿੱਛ ਕੀਤੀ ਹੈ। ਅਡਾਨੀ ਦੇ ਨਿਵੇਸ਼ਕਾਂ ਉੱਤੇ ਅਮਰੀਕਾ ’ਚ ਨਿਗਰਾਨੀ ਵਧੀ ਤਾਂ ਅਡਾਨੀ ਦੇ ਸ਼ੇਅਰ ਧੜਾਮ ਹੋ ਗਏ। ਅਡਾਨੀ ਦੇ 10 ਦੇ 10 ਸ਼ੇਅਰ ਫਿਸਲ ਗਏ। ਇਨ੍ਹਾਂ ਸ਼ੇਅਰਾਂ ’ਚ ਗਿਰਾਵਟ ਕਾਰਨ ਇਕ ਹੀ ਝਟਕੇ ’ਚ ਕੰਪਨੀ ਨੂੰ 52,000 ਕਰੋਡ਼ ਰੁਪਏ ਦਾ ਨੁਕਸਾਨ ਹੋਇਆ ਹੈ।

24 ਜਨਵਰੀ ਨੂੰ ਹਿੰਡਨਬਰਗ ਨੇ ਅਡਾਨੀ ਸਮੂਹ ਨੂੰ ਲੈ ਕੇ ਤਮਾਮ ਖੁਲਾਸੇ ਕੀਤੇ ਸਨ। ਇਨ੍ਹਾਂ ਖੁਲਾਸਿਆਂ ਤੋਂ ਬਾਅਦ ਨਿਵੇਸ਼ਕਾਂ ਦਾ ਭਰੋਸਾ ਜਿੱਤਣ ਲਈ ਅਡਾਨੀ ਸਮੂਹ ਨੇ ਵਿਦੇਸ਼ਾਂ ’ਚ ਰੋਡ ਸ਼ੋਅ ਕੀਤਾ। ਲੱਗਿਆ ਸਭ ਠੀਕ ਹੋ ਰਿਹਾ ਹੈ ਪਰ ਇਕ ਵਾਰ ਫਿਰ ਅਡਾਨੀ ਨੂੰ ਵੱਡਾ ਝਟਕਾ ਲੱਗਾ ਹੈ। ਰੋਡ ਸ਼ੋਅ ਦੌਰਾਨ ਉਨ੍ਹਾਂ ਨੇ ਨਿਵੇਸ਼ਕਾਂ ਨਾਲ ਗੱਲਬਾਤ ਕੀਤੀ ਸੀ। ਹੁਣ ਇਸ ਉੱਤੇ ਅਮਰੀਕੀ ਰੈਗੂਲੇਟਰੀ ਦੀ ਨਜ਼ਰ ਪਈ ਹੈ।

ਬਲੂਮਬਰਗ ਦੀ ਰਿਪੋਰਟ ਮੁਤਾਬਕ ਨਿਊਯਾਰਕ ਬਰੂਕਲਿਨ ਦੇ ਅਮਰੀਕੀ ਅਟਾਰਨੀ ਆਫਿਸ ਅਡਾਨੀ ਦੇ ਵੱਡੇ ਨਿਵੇਸ਼ਕਾਂ ਤੋਂ ਪੁੱਛ ਰਹੀ ਹੈ ਕਿ ਉਨ੍ਹਾਂ ਦੀ ਅਡਾਨੀ ਸਮੂਹ ਨਾਲ ਕੀ ਗੱਲਬਾਤ ਹੋਈ। ਇਕ ਜਾਂਚ ਅਮਰੀਕੀ ਬਾਜ਼ਾਰ ਰੈਗੂਲੇਟਰੀ ਸਕਿਓਰਿਟੀਜ਼ ਐਂਡ ਐਕਸਚੇਂਜ ਵੀ ਕਰ ਰਹੀ ਹੈ। ਅਮਰੀਕਾ ਦੇ ਨਿਊਯਾਰਕ ਸਥਿਤ ਯੂ. ਐੱਸ. ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਅਡਾਨੀ ਸਮੂਹ ’ਚ ਪੈਸਾ ਲਾਉਣ ਵਾਲੇ ਨਿਵੇਸ਼ਕਾਂ ਦੀ ਜਾਂਚ ਕਰ ਰਿਹਾ ਹੈ। ਅਮਰੀਕੀ ਅਟਾਰਨੀ ਆਫਿਸ ਨੇ ਅਡਾਨੀ ਗਰੁੱਪ ਦੇ ਵੱਡੇ ਸ਼ੇਅਰਧਾਰਕਾਂ ਅਤੇ ਇੰਸਟੀਟਿਊਸ਼ਨਲ ਇਨਵੈਸਟਰਸ ਤੋਂ ਸਵਾਲ-ਜਵਾਬ ਸ਼ੁਰੂ ਕਰ ਦਿੱਤੇ ਹਨ।

ਡਿੱਗਦੇ ਗਏ ਅਡਾਨੀ ਗਰੁੱਪ ਦੇ ਸ਼ੇਅਰਸ
ਅਡਾਨੀ ਗਰੁੱਪ ਦੀ ਫਲੈਗਸ਼ਿੱਪ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਦਾ ਐੱਨ. ਐੱਸ. ਈ. ਉੱਤੇ ਸ਼ੁੱਕਰਵਾਰ ਨੂੰ 2,229 ਰੁਪਏ ਤੱਕ ਡਿੱਗ ਕੇ ਬੰਦ ਹੋਇਆ। ਇਸੇ ਤਰ੍ਹਾਂ ਅਡਾਨੀ ਪਾਵਰ ਦਾ ਸ਼ੇਅਰ 242 ਰੁਪਏ ਉੱਤੇ ਬੰਦ ਹੋਇਆ, ਜਦੋਂਕਿ ਅਡਾਨੀ ਪੋਰਟ ਦਾ ਸ਼ੇਅਰ 703 ਅਤੇ ਅਡਾਨੀ ਟਰਾਂਸਮਿਸ਼ਨ ਦਾ 759.75 ਰੁਪਏ ਉੱਤੇ ਬੰਦ ਹੋਇਆ।

ਇਸੇ ਤਰ੍ਹਾਂ ਸਮੂਹ ਦੀਆਂ ਹੋਰ ਕੰਪਨੀਆਂ ਦੇ ਸ਼ੇਅਰ ਵੀ ਗਿਰਾਵਟ ਦੇ ਨਾਲ ਬੰਦ ਹੋਏ। ਅਡਾਨੀ ਟੋਟਲ ਗੈਸ ਦਾ ਸ਼ੇਅਰ 636 ਰੁਪਏ, ਐੱਨ. ਡੀ. ਟੀ. ਵੀ. ਦਾ ਸ਼ੇਅਰ 214.55 ਰੁਪਏ, ਅਡਾਨੀ ਗਰੀਨ ਦਾ ਸ਼ੇਅਰ 954.90 ਰੁਪਏ, ਅਡਾਨੀ ਵਿਲਮਰ ਦਾ ਸ਼ੇਅਰ 404.80 ਰੁਪਏ, ਅੰਬੂਜਾ ਸੀਮੈਂਟ ਦਾ ਸ਼ੇਅਰ 425 ਰੁਪਏ ਅਤੇ ਏ. ਸੀ. ਸੀ. ਲਿਮਟਿਡ ਦਾ ਸ਼ੇਅਰ 1774.95 ਰੁਪਏ ਉੱਤੇ ਬੰਦ ਹੋਇਆ।