- Updated: February 25, 2023 11:02 AM
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਨਾਲ ਇੱਥੇ ਬਾਂਦਰਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਕੇਜਰੀਵਾਲ ਜਦ "ਮਾਤੋਸ਼੍ਰੀ" ਗਏ ਤਾਂ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਸਭਾ ਮੈਂਬਰ ਸੰਜੇ ਸਿੰਘ ਤੇ ਰਾਘਵ ਚੱਢਾ ਵੀ ਮੌਜੂਦ ਸਨ।
ਇਸ ਮੀਟਿੰਗ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਚੋਣ ਕਮਿਸ਼ਨ ਨੇ ਹਾਲ ਹੀ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਪ੍ਰਧਾਨਗੀ ਵਾਲੇ ਧੜੇ ਨੂੰ "ਸ਼ਿਵ ਸੈਨਾ" ਨਾਂ ਅਤੇ "ਤੀਰ-ਕਮਾਨ" ਨਿਸ਼ਾਨ ਅਲਾਟ ਕੀਤਾ ਸੀ। ਪਿਛਲੇ ਸਾਲ ਜੂਨ ਵਿਚ ਸ਼ਿੰਦੇ ਦੀ ਬਗ਼ਾਵਤ ਨੇ ਸ਼ਿਵ ਸੈਨਾ ਨੂੰ ਦੋਫਾੜ ਕਰ ਦਿੱਤਾ ਸੀ ਅਤੇ ਠਾਕਰੇ ਦੀ ਮਹਾ ਵਿਕਾਸ ਆਘਾੜੀ (ਐੱਮ.ਵੀ.ਏ.) ਸਰਕਾਰ ਨੂੰ ਸੁੱਟ ਦਿੱਤਾ ਸੀ। ਸ਼ਿੰਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮਦਦ ਨਾਲ ਮੁੱਖ ਮੰਤਰੀ ਬਣੇ ਸਨ।
'ਆਪ' ਨੇ ਕਿਹਾ ਹੈ ਕਿ ਉਹ BMC ਚੋਣ ਲੜੇਗੀ, ਜੋ ਪਿਛਲੇ ਸਾਲ ਦੀ ਸ਼ੁਰੂਆਤ ਤੋਂ ਹੀ ਹੋਣ ਵਾਲੀ ਹੈ। ਅਣਵੰਡੀ ਸ਼ਿਵ ਸੈਨਾ ਨੇ ਕਈ ਸਾਲਾਂ ਤਕ ਦੇਸ਼ ਦੀ ਸੱਭ ਤੋਂ ਅਮੀਰ ਮਹਾਨਗਰਪਾਲਿਕਾ ਦੀ ਅਗਵਾਈ ਕੀਤੀ ਸੀ, ਜਦਕਿ 'ਆਪ' ਨੇ ਹਾਲ ਹੀ ਵਿਚ ਦਿੱਲੀ ਨਗਰ ਨਿਗਮ ਨੂੰ ਭਾਜਪਾ ਤੋਂ ਹਥਿਆ ਲਿਆ। ਠਾਕਰੇ ਤੇ ਕੇਜਰੀਵਾਲ ਦੋਵੇਂ ਹੀ ਭਾਜਪਾ ਦੇ ਵਿਰੋਧੀ ਹਨ।