- Updated: February 25, 2023 11:09 AM
ਮਹਾਰਾਸ਼ਟਰ ਦੇ ਦੋ ਜ਼ਿਲ੍ਹਿਆਂ ਔਰੰਗਾਬਾਦ ਅਤੇ ਉਸਮਾਨਾਬਾਦ ਦਾ ਨਾਂ ਬਦਲਣ ਨੂੰ ਲੈ ਕੇ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਤੋਂ ਔਰੰਗਾਬਾਦ ਨੂੰ ਛਤਰਪਤੀ ਸੰਭਾਜੀਨਗਰ ਅਤੇ ਉਸਮਾਨਾਬਾਦ ਨੂੰ ਧਾਰਾਸ਼ਿਵ ਦੇ ਨਾਂ ਨਾਲ ਜਾਣਿਆ ਜਾਵੇਗਾ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਵਿੰਦਰ ਫਡਨਵੀਸ ਨੇ ਇਕ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰ ਦੱਸਿਆ ਕਿ ਏਕਨਾਥ ਸਿੰਦੇ ਦੀ ਅਗਵਾਈ ਵਿਚ ਸਥਾਪਤ ਸਰਕਾਰ ਨੇ ਔਰੰਗਾਬਾਦ ਤੇ ਉਸਮਾਨਾਬਾਦ ਦਾ ਨਾਂ ਬਦਲ ਵਿਖਾਇਆ ਹੈ।
ਦਵਿੰਦਰ ਫਡਨਵੀਸ ਨੇ ਔਰੰਗਾਬਾਦ ਤੇ ਉਸਮਾਨਾਬਾਦ ਦੇ ਨਾਂ ਬਦਲਣ ਨੂੰ ਲੈ ਕੇ ਦਿੱਤੀ ਗਈ ਪ੍ਰਵਾਨਗੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਿਚ ਮਹਾਰਾਸ਼ਟਰ ਸਰਕਾਰ ਵੱਲੋਂ ਦੋਵਾਂ ਸ਼ਹਿਰਾਂ ਦਾ ਨਾਂ ਬਦਲ ਗਿਆ ਹੈ। ਦੱਸ ਦੇਈਏ ਕਿ 35 ਸਾਲ ਪਹਿਲਾਂ ਸ਼ਿਵ ਸੈਨਾ ਮੁਖੀ ਬਾਲਾ ਸਾਹਿਬ ਠਾਕਰੇ ਵੱਲੋਂ ਔਰੰਗਾਬਾਦ ਵਿਚ ਇਕ ਜਨਸਭਾ ਦੌਰਾਨ ਔਰੰਗਾਬਾਦ ਦਾ ਨਾਂ ਬਦਲ ਕੇ ਸੰਭਾਜੀਨਗਰ ਕਰ ਦਿੱਤਾ ਸੀ।
ਦੱਸ ਦੇਈਏ ਕਿ ਇਕ ਪਾਸੇ ਔਰੰਗਾਬਾਦ ਤੇ ਉਸਮਾਨਾਬਾਦ ਦੇ ਨਾਂ ਨੂੰ ਬਦਲ ਦਿੱਤਾ ਗਿਆ ਹੈ। ਉੱਥੇ ਹੀ ਇਸ ਬਾਰੇ ਮੁੰਬਈ ਹਾਈਕੋਰਟ ਵਿਚ ਪਹਿਲਾਂ ਹੀ ਪਟਿਸ਼ਨਾਂ ਦਾਖ਼ਲ ਹਨ। ਇਸ ਵਿਚਾਲੇ ਸੂਬਾ ਸਰਕਾਰ ਦੀ ਸਿਫ਼ਾਰਸ਼ ਤੋਂ ਬਾਅਦ ਕੇਂਦਰ ਸਰਕਾਰ ਨੇ ਔਰੰਗਾਬਾਦ ਦਾ ਨਾਂ ਸੰਭਾਜੀਨਗਰ ਅਤੇ ਉਸਮਾਨਾਬਾਦ ਦਾ ਨਾਂ ਧਾਰਾਸ਼ਿਵ ਕਰਨ ਦੀ ਮੰਜ਼ੂਰੀ ਦੇ ਦਿੱਤੀ ਗਈ ਹੈ।