- Updated: June 02, 2026 07:10 PM
ਜਲੰਧਰ ਵਿੱਚ ਕੁਲਹੜ ਪੀਜ਼ਾ ਕਪਲ ਇੱਕ ਵਾਰ ਮੁੜ ਸੁਰਖੀਆ ਵਿਚ ਹੈ। ਕੁਲਹੜ ਪੀਜ਼ਾ ਦੀ ਮਾਲਕਣ ਗੁਰਪ੍ਰੀਤ ਕੌਰ ਰੂਪ ਨੇ ਮੰਗਲਵਾਰ ਨੂੰ ਟ੍ਰੋਲਸ ‘ਤੇ ਵਰ੍ਹਦਿਆਂ ਇੱਕ ਵੀਡੀਓ ਜਾਰੀ ਕੀਤਾ। ਉਸ ਨੇ ਦੋਸ਼ ਲਾਏ ਕਿ ਟ੍ਰੋਲਰਸ ਨੇ ਉਸ ਦੇ ਬੱਚੇ ਨੂੰ ਵੀ ਨਹੀ ਛੱਡਿਆ। ਇਥੋਂ ਤੱਕ ਕਿ ਕੁੜੀਆਂ ਵੀ ਭੱਦੇ ਕਮੈਂਟਸ ਕਰਨ ਤੋਂ ਪਿੱਛੇ ਨਹੀਂ ਹਟੀਆਂ। ਬੱਚੇ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਕਰਕੇ ਉਸ ਨੂੰ ਬਹੁਤ ਦੁੱਖ ਪਹੁੰਚਿਆ ਹੈ। ਵੀਡੀਓ ਦੌਰਾਨ ਉਹ ਫੁੱਟ-ਫੁੱਟ ਕੇ ਰੋਂਦੀ ਹੋਈ ਨਜਰ ਆਈ। ਉਸ ਨੇ ਕਿਹਾ ਕਿ ਉਸਦੀ ਪੂਰੀ ਜ਼ਿੰਦਗੀ ਅਤੇ ਪਰਿਵਾਰ ਦਾ ਫੈਸਲਾ ਇੱਕ ਘਟਨਾ ਤੋਂ ਕੀਤਾ ਜਾ ਰਿਹਾ ਹੈ।
ਗੁਰਪ੍ਰੀਤ ਨੇ ਕਿਹਾ ਕਿ ਉਸ ਦਾ ਬੱਚਾ ਪਾਠ ਕਰ ਰਿਹਾ ਸੀ ਜਿਸ ਦਾ ਵੀਡੀਓ ਉਸ ਨੇ ਇੰਸਟਾ ‘ਤੇ ਸਾਂਝਾ ਕੀਤਾ ਸੀ ਅਤੇ ਹੁਣ ਲੋਕ ਉਸਦੇ ਬੱਚੇ ‘ਤੇ ਭੱਦੇ ਕਮੈਂਟਸ ਕਰ ਰਹੇ ਹਨ। ਗੁਰਪ੍ਰੀਤ ਕੌਰ ਨੇ ਕਿਹਾ, “ਕੀ ਉਸਨੂੰ ਟ੍ਰੋਲ ਕਰਨ ਵਾਲੇ ਜਾਣਦੇ ਹਨ ਕਿ ਸਹਿਜ ਪਾਠ ਕੀ ਹੁੰਦਾ ਹੈ? ਮੈਂ ਆਪਣੀ ਮਾਂ ਤੋਂ ਸਿੱਖੀਆਂ ਕਦਰਾਂ-ਕੀਮਤਾਂ ਆਪਣੇ ਬੱਚੇ ਨੂੰ ਦੇ ਰਹੀ ਹਾਂ।”
ਦੱਸ ਦੇਈਏ ਕਿ ਗੁਰਪ੍ਰੀਤ ਨੇ ਹਾਲ ਹੀ ਵਿੱਚ ਆਪਣੇ ਪੁੱਤਰ ਨਾਲ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਉਸਨੂੰ ਗੁਰਬਾਣੀ ਅਤੇ ਗੁਰਸਿੱਖੀ ਨਾਲ ਜੁੜੇ ਸ਼ਬਦ ਸਿਖਾਉਂਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਗੁਰਪ੍ਰੀਤ ਕੌਰ ਨੇ ਰੋਂਦੇ ਹੋਏ ਕਿਹਾ ਕਿ ਉਹ ਲੰਬੇ ਸਮੇਂ ਤੱਕ ਚੁੱਪ ਰਹੀ ਅਤੇ ਉਸ ਨੂੰ ਉਮੀਦ ਸੀ ਕਿ ਸਮੇਂ ਦੇ ਨਾਲ ਚੀਜ਼ਾਂ ਆਮ ਵਾਂਗ ਹੋ ਜਾਣਗੀਆਂ, ਪਰ ਇੱਕ ਵੀਡੀਓ ਕਾਰਨ ਲੋਕਾਂ ਨੇ ਉਸ ਬਾਰੇ ਗਲਤ ਧਾਰਨਾਵਾਂ ਬਣਾ ਲਈਆਂ।
ਜਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਇਸ ਜੋੜੇ ਦਾ ਇੱਕ ਅਸ਼ਲੀਲ ਵੀਡੀਓ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਉਹ ਪੰਜਾਬ ਛੱਡ ਕੇ ਯੂਕੇ ਚਲੇ ਗਏ, ਜਿੱਥੇ ਉਹ ਇਸ ਸਮੇਂ ਰਹਿੰਦੇ ਹਨ। ਸਹਿਜ ਅਤੇ ਉਸ ਦੀ ਪਤਨੀ ਦੀ ਬਜਾਏ ਉਸਦੀ ਭੈਣ ਹਰਨੂਰ ਨੇ ਵਾਇਰਲ ਵੀਡੀਓ ਸੰਬੰਧੀ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ।