- Updated: June 02, 2026 09:50 PM
ਬਟਾਲਾ ਸ਼ਹਿਰ ਦੀ ਸਭ ਤੋਂ ਭੀੜ ਵਾਲੀ ਮੇਨ ਮਾਰਕੀਟ, ਜਿੱਥੇ ਕਈ ਆਈਲੈਟਸ (IELTS) ਸੈਂਟਰ ਅਤੇ ਰੈਸਟੂਰੈਂਟ ਸਥਿਤ ਹਨ, ਉਸ ਵੇਲੇ ਗੋਲੀਆਂ ਦੀ ਦਹਿਸ਼ਤ ਵਿਚ ਆ ਗਈ ਜਦੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਸਰੇਆਮ ਫਾਇਰਿੰਗ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ 5 ਤੋਂ 6 ਫਾਇਰ ਕੀਤੇ, ਜਿਸ ਕਾਰਨ ਪੂਰੀ ਮਾਰਕੀਟ ਵਿੱਚ ਹਫੜਾ-ਦਫੜੀ ਮਚ ਗਈ।
ਗੱਡੀਆਂ ਦਾ ਨੁਕਸਾਨ, ਜਾਨੀ ਬਚਾਅ
ਇਸ ਵਾਰਦਾਤ ਦੌਰਾਨ ਚੰਗੀ ਕਿਸਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਗੋਲੀਆਂ ਉੱਥੇ ਰੈਸਟੂਰੈਂਟ ਦੇ ਬਾਹਰ ਖੜ੍ਹੀਆਂ ਗੱਡੀਆਂ ਵਿੱਚ ਜਾ ਵੱਜੀਆਂ, ਜਿਸ ਕਾਰਨ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਮੌਕੇ 'ਤੇ ਮੌਜੂਦ ਇੱਕ ਚਸ਼ਮਦੀਦ ਨੌਜਵਾਨ ਨੇ ਦੱਸਿਆ ਕਿ ਇਹ ਹਾਲਾਤ ਇੰਨੇ ਦਹਿਸ਼ਤ ਭਰੇ ਸਨ ਕਿ ਲੋਕ ਇਧਰ ਓਧਰ ਭੱਜਣ ਲੱਗੇ।
ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਖਾਸ ਜਗ੍ਹਾ 'ਤੇ ਇਹ ਤੀਸਰੀ ਵਾਰ ਫਾਇਰਿੰਗ ਹੋਈ ਹੈ। ਇਸ ਤੋਂ ਪਹਿਲਾਂ ਵੀ ਦੋ ਵਾਰ ਰਾਤ ਦੇ ਸਮੇਂ ਇੱਥੇ ਫਾਇਰਿੰਗ ਹੋ ਚੁੱਕੀ ਹੈ। ਸਥਾਨਕ ਲੋਕਾਂ ਅਤੇ ਚਸ਼ਮਦੀਦਾਂ ਵਿੱਚ ਪੁਲਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਭਾਰੀ ਰੋਸ ਹੈ, ਕਿਉਂਕਿ ਵਾਰ-ਵਾਰ ਵਾਰਦਾਤਾਂ ਹੋਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਦੇਖਣ ਨੂੰ ਨਹੀਂ ਮਿਲੀ।
ਫਿਰੌਤੀ ਦੀ ਮਿਲੀ ਸੀ ਧਮਕੀ
ਵਾਰਦਾਤ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੁਲਸ ਥਾਣਾ ਸਿਟੀ ਦੇ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਇੱਕ ਰੈਸਟੋਰੈਂਟ ਮਾਲਕ ਨੂੰ ਪਹਿਲਾਂ ਹੀ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਸਨ, ਜਿਸ ਸਬੰਧੀ ਕੇਸ ਵੀ ਦਰਜ ਹੈ। ਪੁਲਸ ਅਧਿਕਾਰੀ ਅਨੁਸਾਰ, ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਸਮੇਂ ਇਲਾਕੇ ਵਿੱਚ ਪੁਲਸ ਵੱਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਸੀ।
ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਆਦਿ ਦੀ ਮਦਦ ਨਾਲ ਹਮਲਾਵਰਾਂ ਦੀ ਭਾਲ ਜਾਰੀ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।