- Updated: June 02, 2026 06:40 PM
ਪਠਾਨਕੋਟ-ਡਲਹੌਜ਼ੀ ਕੌਮੀ ਰਾਜਮਾਰਗ ’ਤੇ ਸਥਿਤ ਸਿੰਬਲਾਂ ਪਿੰਡ ਦੇ ਇਕ ਤਿੱਖੇ ਮੋੜ ’ਤੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਭਿਆਨਕ ਟੱਕਰ ’ਚ 2 ਔਰਤਾਂ ਸਮੇਤ ਚਾਰ ਲੋਕ ਜ਼ਖਮੀ ਹੋ ਗਏ। ਹਾਦਸਾ ਇੰਨਾ ਗੰਭੀਰ ਸੀ ਕਿ ਟੱਕਰ ਤੋਂ ਬਾਅਦ ਦੋਵੇਂ ਵਾਹਨ ਸੜਕ ਕਿਨਾਰੇ ਡੂੰਘੀ ਖੱਡ ’ਚ ਜਾ ਡਿੱਗੇ। ਘਟਨਾ ਦੀ ਜਾਣਕਾਰੀ ਮਿਲਦੇ ਹੀ 108 ਐਂਬੂਲੈਂਸ ਦੇ ਈ. ਐੱਮ. ਟੀ. ਸੰਦੀਪ ਅਤੇ ਪਾਇਲਟ ਸੁਖਵਿੰਦਰ ਸਿੰਘ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਮੋਟਰਸਾਈਕਲ ਸਵਾਰ ਮਾਂ-ਪੁੱਤ ਜੋਤੀ ਅਤੇ ਮਾਨਵ ਵਾਸੀ ਪਿੰਡ ਮੱਟੀ, ਧਾਰਕਲਾਂ ਸੜਕ ਕਿਨਾਰੇ ਜ਼ਖਮੀ ਹਾਲਤ ’ਚ ਮਿਲੇ। ਦੂਜੇ ਪਾਸੇ ਕਾਰ ਸਵਾਰ ਰਘੁਵੀਰ ਸਿੰਘ ਅਤੇ ਜੋਤੀ ਪਠਾਨੀਆ ਵਾਸੀ ਸਿੰਬਲ ਚੌਕ, ਪਠਾਨਕੋਟ ਗੱਡੀ ਦੇ ਅੰਦਰ ਹੀ ਫਸ ਗਏ।
ਐਂਬੂਲੈਂਸ ਸਟਾਫ਼ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਖੱਡ ’ਚੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਤੁਰੰਤ ਬਧਾਨੀ ਦੇ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ। ਡਾਕਟਰਾਂ ਮੁਤਾਬਕ ਕਾਰ ਸਵਾਰ ਜੋੜੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਪਠਾਨਕੋਟ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮੋਟਰਸਾਈਕਲ ਸਵਾਰ ਮਾਂ-ਪੁੱਤ ਨੂੰ ਮਾਮੂਲੀ ਬਾਹਰੀ ਸੱਟਾਂ ਲੱਗੀਆਂ ਸਨ, ਜੋ ਇਲਾਜ ਤੋਂ ਬਾਅਦ ਘਰ ਪਰਤ ਗਏ।
ਹਾਦਸੇ ਨੂੰ ਲੈ ਕੇ ਦੋਵਾਂ ਧਿਰਾਂ ਦੇ ਬਿਆਨ ਵੱਖੋ-ਵੱਖਰੇ ਹਨ। ਕਾਰ ਸਵਾਰ ਜੋਤੀ ਪਠਾਨੀਆ ਨੇ ਪਠਾਨੀਆ ਨੇ ਦੱਸਿਆ ਕਿ ਉਲਟ ਦਿਸ਼ਾ ਤੋਂ ਆ ਰਹੀ ਇਕ ਮੋਟਰਸਾਈਕਲ ਕਾਰਨ ਉਨ੍ਹਾਂ ਦੀ ਕਾਰ ਕੰਟਰੋਲ ਗੁਆ ਬੈਠੀ ਅਤੇ ਖੱਡ ’ਚ ਡਿੱਗ ਗਈ। ਉਹ ਕਾਰ ’ਚ ਆਪਣੇ ਜੱਦੀ ਪਿੰਡ ਭੰਗੂਰੀ ਵੱਲ ਜਾ ਰਹੇ ਸਨ। ਦੂਜੇ ਪਾਸੇ ਮੋਟਰਸਾਈਕਲ ਸਵਾਰ ਜੋਤੀ ਦਾ ਦਾਅਵਾ ਹੈ ਕਿ ਤੇਜ਼ ਰਫ਼ਤਾਰ ਕਾਰ ਆਪਣੇ ਅੱਗੇ ਜਾ ਰਹੇ ਇਕ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਉਹ ਆਪਣੇ ਪੁੱਤਰ ਨਾਲ ਕਿਸੇ ਨਿੱਜੀ ਕੰਮ ਲਈ ਮੋਟਰਸਾਈਕਲ ’ਤੇ ਬੁੰਗਲ ਪਿੰਡ ਜਾ ਰਹੀ ਸੀ।