- Updated: December 02, 2023 11:35 AM
ਹਰਿਆਣਾ ਦੇ ਹਿਸਾਰ 'ਚ ਬਦਮਾਸ਼ਾਂ ਨੇ ਸ਼ਰਾਬ ਦੇ ਠੇਕੇਦਾਰ ਵਿਕਾਸ ਕੇਸੀ ਨੂੰ 15 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ। ਠੇਕੇਦਾਰ ਦੇ ਸਿਰ, ਢਿੱਡ ਅਤੇ ਛਾਤੀ 'ਤੇ ਗੋਲੀ ਲੱਗੀ ਹੈ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਗੋਲੀਬਾਰੀ 'ਚ ਮ੍ਰਿਤਕ ਦੇ ਦੋ ਸਾਥੀ ਵੀ ਗੰਭੀਰ ਜ਼ਖ਼ਮੀ ਹੋ ਗਏ। ਜਦੋਂ ਇਹ ਘਟਨਾ ਵਾਪਰੀ ਤਾਂ ਤਿੰਨੋਂ ਕਾਰ ਰਾਹੀਂ ਘਰ ਪਰਤ ਰਹੇ ਸਨ।
ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਜਿਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ। ਘਟਨਾ ਪਿੱਛੇ ਪੁਰਾਣੀ ਰੰਜਿਸ਼ ਦਾ ਕਾਰਨ ਦੱਸਿਆ ਜਾ ਰਿਹਾ ਹੈ। ਠੇਕੇਦਾਰ ਵਿਕਾਸ ਦੇ ਪਿਤਾ ਦੀ ਵੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਸ਼ਰਾਬ ਠੇਕੇਦਾਰ ਵਿਕਾਸ ਉਰਫ਼ ਕੇਸੀ (30) ਵਾਸੀ ਖਰੜ ਅਲੀਪੁਰ, ਹਿਸਾਰ ਆਪਣੇ ਸਾਥੀਆਂ ਸੋਨੂੰ ਉਰਫ਼ ਮੁਲਾਦ ਅਤੇ ਅਜੈ ਉਰਫ਼ ਹਨੂੰਮਾਨ ਨਾਲ ਸ਼ੁੱਕਰਵਾਰ ਰਾਤ ਕਾਲੇ ਰੰਗ ਦੀ ਕਾਰ ਵਿੱਚ ਸਵਾਰ ਹੋ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਰਸਤੇ 'ਚ ਦੋ ਬਾਈਕ ਅਤੇ ਇਕ ਕਾਰ 'ਤੇ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ।
ਹਮਲਾਵਰਾਂ ਵਿੱਚ ਸੱਤਿਆਦੀਪ ਉਰਫ਼ ਮਿਸ਼ਰਾ, ਸਾਗਰ ਉਰਫ਼ ਬਚੀ, ਕਾਲਾ ਖੈਰਾਮਪੁਰੀਆ, ਆਸ਼ੀਸ਼ ਉਰਫ਼ ਲਾਲੂ, ਸੰਨੀ ਅਤੇ ਪਿੰਡ ਦੇ ਕੁਝ ਲੜਕੇ ਸ਼ਾਮਲ ਸਨ। ਹਮਲਾਵਰਾਂ ਨੇ ਗੋਲੀਆਂ ਚਲਾ ਦਿਤੀਆਂ। ਗੋਲੀ ਲੱਗਣ ਕਾਰਨ ਵਿਕਾਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਸੋਨੂੰ ਦੀ ਕਮਰ ਵਿੱਚ ਦੋ ਗੋਲੀਆਂ ਲੱਗੀਆਂ ਹਨ। ਅਜੈ ਦੇ ਹੱਥ ਵਿੱਚ ਗੋਲੀ ਲੱਗੀ ਸੀ। ਜਿਸ ਕਾਰਨ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸੋਨੂੰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਹਮਲਾਵਰ ਉਥੋਂ ਫਰਾਰ ਹੋ ਗਏ।