- Updated: June 24, 2024 11:32 AM
ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਊ ਰੀਓ ਨੇ ਸੂਬੇ ਦੇ ਐਡਵੋਕੇਟ ਜਨਰਲ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਾਗਾਲੈਂਡ ਦੇ 45 ਨੌਜਵਾਨਾਂ ਦੇ ਮਾਮਲੇ 'ਚ ਨਿੱਜੀ ਤੌਰ 'ਤੇ ਕਦਮ ਚੁੱਕਣ, ਜਿਨ੍ਹਾਂ 'ਤੇ ਪੰਜਾਬ ਦੇ ਮੋਹਾਲੀ 'ਚ ਕਾਲ ਸੈਂਟਰ ਧੋਖਾਧੜੀ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਇਹ ਨੌਜਵਾਨ ਮਈ ਵਿਚ ਪੰਜਾਬ ਪੁਲਿਸ ਦੀ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤੇ ਗਏ 155 ਲੋਕਾਂ ਵਿਚ ਸ਼ਾਮਲ ਸਨ।
ਇਸ ਮੁਹਿੰਮ ਦੌਰਾਨ ਪੁਲਿਸ ਨੇ ਮੁਹਾਲੀ ਵਿਚ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਸੀ। ਸ਼ਨੀਵਾਰ ਨੂੰ ਇੱਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਰੀਓ ਨੇ ਦਿੱਲੀ ਵਿਚ ਨਾਗਾਲੈਂਡ ਦੇ ਐਡਵੋਕੇਟ ਜਨਰਲ ਕੇਐਨ ਬਾਲਗੋਪਾਲ ਨਾਲ ਰਾਜ ਦੇ ਨੌਜਵਾਨਾਂ ਨੂੰ ਹਿਰਾਸਤ ਵਿਚ ਲੈਣ ਦੇ ਮੁੱਦੇ 'ਤੇ ਚਰਚਾ ਕੀਤੀ। ਰੀਓ ਨੇ ਬਾਲਗੋਪਾਲ ਨੂੰ ਨਿਰਦੋਸ਼ ਨਾਗਾ ਨੌਜਵਾਨਾਂ ਦੀ ਰਿਹਾਈ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ।
ਮੁੱਖ ਮੰਤਰੀ ਨੇ ਨਜ਼ਰਬੰਦ ਨੌਜਵਾਨਾਂ ਦੇ ਪਰਿਵਾਰਾਂ ਨਾਲ ਸੰਪਰਕ ਬਣਾਈ ਰੱਖਣ ਅਤੇ ਦਿੱਲੀ ਦੇ ਨਾਗਾਲੈਂਡ ਹਾਊਸ ਦੇ ਸਥਾਨਕ ਕਮਿਸ਼ਨਰ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਹੈ। ਇਸ ਦੌਰਾਨ, ਰਾਜ ਤੋਂ ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਐਸ ਸੁਪੋਂਗਮਾਰੇਨ ਜਮੀਰ ਨੇ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਨਾਗਾਲੈਂਡ ਦੇ ਨਜ਼ਰਬੰਦ ਲੋਕਾਂ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਪੰਜਾਬ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਫਰਜ਼ੀ ਕਾਲ ਸੈਂਟਰ ਚਲਾਉਣ ਵਾਲਿਆਂ ਨੂੰ ਅਮਰੀਕਾ ਵਿਚ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ ਵਿਚ ਫੜਿਆ ਗਿਆ ਸੀ।