ਮੌਸਮ ਵਿਭਾਗ ਨੇ ਪੰਜਾਬ ਦੇ ''ਮੌਸਮ'' ਨੂੰ ਲੈ ਕੇ ਜਾਰੀ ਕੀਤੀ ਇਹ ਭਵਿੱਖਬਾਣੀ

ਮੌਸਮ ਵਿਭਾਗ ਨੇ ਪੰਜਾਬ ਦੇ ''ਮੌਸਮ'' ਨੂੰ ਲੈ ਕੇ ਜਾਰੀ ਕੀਤੀ ਇਹ ਭਵਿੱਖਬਾਣੀ

ਪੰਜਾਬ 'ਚ ਮੌਸਮ ਲਗਾਤਾਰ ਬਦਲ ਰਿਹਾ ਹੈ, ਜਿਸ ਕਾਰਨ ਪਾਰਾ ਡਿੱਗਦਾ ਜਾ ਰਿਹਾ ਹੈ। ਪਾਰੇ 'ਚ ਗਿਰਾਵਟ ਕਾਰਨ ਠੰਡ ਵੀ ਵੱਧ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ ਅਤੇ ਮੌਸਮ ਖ਼ੁਸ਼ਕ ਬਣਿਆ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਰਾਤ ਵੇਲੇ ਪਾਰਾ ਡਿੱਗਣ ਕਾਰਨ ਮੌਸਮ ਠੰਡਾ ਹੋ ਜਾਂਦਾ ਹੈ ਅਤੇ ਦਿਨ ਵੇਲੇ ਵੀ ਨਿੱਘੀ-ਨਿੱਘੀ ਧੁੱਪ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ।

ਲੋਕਾਂ ਨੇ ਸਰਦੀਆਂ ਦੇ ਮੋਟੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਮੁਤਾਬਕ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਰਹਿਣ ਦਾ ਅੰਦਾਜ਼ਾ ਹੈ। ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ਹੋਰ ਵੀ ਡਿੱਗ ਜਾਵੇਗਾ। ਦੂਜੇ ਪਾਸੇ ਠੰਡ ਦੇ ਮੱਦੇਨਜ਼ਰ ਪੰਜਾਬ ਪੁਲਸ ਨੇ ਸੜਕਾਂ 'ਤੇ ਚੱਲਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਹੈ।

ਸਰਦੀਆਂ ਦੇ ਮੌਸਮ 'ਚ ਸੰਕੇਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਵਾਹਨ ਨੂੰ ਵੀ ਚੰਗੀ ਸਥਿਤੀ 'ਚ ਰੱਖਣਾ ਚਾਹੀਦਾ ਹੈ। ਇਸ ਨਾਲ ਸੂਬੇ 'ਚ ਹਾਦਸਿਆਂ ਨੂੰ ਰੋਕਿਆ ਜਾ ਸਕੇਗਾ। ਦੱਸ ਦਈਏ ਕਿ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਇਕਦਮ ਵਧੇ ਹਨ। ਇਸ ਕਾਰਨ ਸਵੇਰੇ-ਸ਼ਾਮ ਕਈ ਇਲਾਕਿਆਂ ਵਿੱਚ ਧੂੰਆਂ ਛਾਇਆ ਰਹਿੰਦਾ ਹੈ। ਪਿਛਲੇ 17 ਦਿਨਾਂ ਵਿੱਚੋਂ 14 ਦਿਨਾਂ ਤੋਂ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਰਹੀ ਹੈ। ਖੇਤੀ ਮਾਹਰਾਂ ਅਨੁਸਾਰ 25 ਨਵੰਬਰ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲੇ ਘੱਟ ਸਕਦੇ ਹਨ।