- Updated: August 14, 2023 12:41 PM
ਹਿਮਾਚਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਅੱਜ ਮਤਲਬ ਸੋਮਵਾਰ ਨੂੰ ਸ਼ਿਮਲਾ ਸ਼ਹਿਰ ਵਿਚ ਵੱਡਾ ਲੈਂਡਸਲਾਈਡ ਹੋਇਆ, ਜਿਸ ਕਾਰਨ ਸ਼ਿਵ ਬਾੜੀ ਮੰਦਰ ਢਹਿ ਗਿਆ। ਸੋਮਵਾਰ ਦਾ ਦਿਨ ਤੇ ਸਾਵਣ ਮਹੀਨਾ ਹੋਣ ਕਾਰਨ ਵੱਡੀ ਗਿਣਤੀ ਵਿਚ ਲੋਕ ਸ਼ਿਵ ਪੂਜਾ ਲਈ ਪਹੁੰਚੇ ਹੋਏ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ 9 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਈ ਲੋਕਾਂ ਦੇ ਦੱਬੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਘਟਨਾ ਸ਼ਿਮਲਾ ਦੇ ਸਮਰਹਿਲ ਨੇੜੇ ਵਾਪਰੀ।
ਤਬਾਹੀ ਦੇ ਸਮੇਂ ਮੰਦਰ 'ਚ 25-30 ਲੋਕ ਮੌਜੂਦ ਸਨ। ਇੱਕ ਪੁਲਸ ਅਧਿਕਾਰੀ ਨੇ ਆਈਏਐਨਐਸ ਨੂੰ ਦੱਸਿਆ ਕਿ ਪੰਜ ਲੋਕਾਂ ਨੂੰ ਬਚਾਇਆ ਗਿਆ ਹੈ। ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਟਵੀਟ ਕਰ ਕਿਹਾ ਕਿ ਸ਼ਿਮਲਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿਥੇ ਸਮਰ ਹਿੱਲ ’ਤੇ ਸ਼ਿਵ ਮੰਦਰ ਭਾਰੀ ਮੀਂਹ ਕਾਰਨ ਢਹਿ ਗਿਆ। ਹੁਣ ਤਕ 9 ਲਾਸ਼ਾਂ ਕੱਢੀਆਂ ਗਈਆਂ ਹਨ। ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਬਚਾਉਣ ਲਈ ਕੰਮ ਕਰ ਰਿਹਾ ਹੈ ਤਾਂ ਜੋ ਅਜੇ ਵੀ ਫਸੇ ਹੋਏ ਲੋਕਾਂ ਨੂੰ ਬਚਾਇਆ ਜਾ ਸਕੇ।

ਇਕ ਹੋਰ ਟਵੀਟ ਕਰਦਿਆਂ ਉਨ੍ਹਾਂ ਦਸਿਆ ਕਿ ਪਿਛਲੇ 48 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਸ਼ ਨਾਲ ਹਿਮਾਚਲ ਪ੍ਰਦੇਸ਼ 'ਚ ਇਕ ਵਾਰ ਫਿਰ ਹਾਦਸਾ ਵਾਪਰਿਆ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਕੀਮਤੀ ਜਾਨਾਂ ਅਤੇ ਸੰਪਤੀ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਖੇਤਰਾਂ ਤੋਂ ਦੂਰ ਰਿਹਾ ਜਾਵੇ।

ਸੋਲਨ ਵਿਚ ਬੱਦਲ ਫਟਣ ਕਾਰਨ 7 ਲੋਕਾਂ ਦੀ ਮੌਤ
ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਜਾਦੋਂ ਪਿੰਡ ਵਿਚ ਬੱਦਲ ਫਟਣ ਕਾਰਨ ਇਕ ਹੀ ਪ੍ਰਵਾਰ ਦੇ ਸੱਤ ਜੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਐਤਵਾਰ ਰਾਤ ਨੂੰ ਬੱਦਲ ਫਟਣ ਕਾਰਨ ਦੋ ਘਰ ਵਹਿ ਗਏ ਅਤੇ ਹਾਦਸੇ 'ਚ 6 ਲੋਕਾਂ ਨੂੰ ਬਚਾ ਲਿਆ ਗਿਆ।ਸੋਲਨ ਦੇ ਐਸ.ਪੀ. ਗੌਰਵ ਸਿੰਘ ਨੇ ਦਸਿਆ ਕਿ ਮ੍ਰਿਤਕਾਂ ਦੀ ਪਛਾਣ ਹਰਨਾਮ (38), ਕਮਲ ਕਿਸ਼ੋਰ (35), ਹੇਮਲਤਾ (34), ਰਾਹੁਲ (14), ਨੇਹਾ (12), ਗੋਲੂ (8) ਅਤੇ ਰਕਸ਼ਾ (12) ਵਜੋਂ ਹੋਈ ਹੈ। ਸੂਬੇ 'ਚ ਭਾਰੀ ਮੀਂਹ ਦੇ ਮੱਦੇਨਜ਼ਰ ਸੋਮਵਾਰ ਨੂੰ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਦਿਤੇ ਗਏ ਹਨ।