- Updated: August 06, 2026 06:59 PM
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸਪੱਸ਼ਟ ਕਰ ਦਿੱਤਾ ਕਿ ਗੁਰਬਾਣੀ ਦਾ ਲਾਈਵ ਪ੍ਰਸਾਰਣ ਜਾਂ ਡਾਊਨਲੋਡ ਕਰਨ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ , ਲਾਈਵ ਪ੍ਰਸਾਰਣ ਦੇ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਰਾਖਵੇਂ ਹਨ। ਬਿਨ੍ਹਾਂ ਮਨਜ਼ੂਰੀ ਕਿਸੇ ਵੀ ਚੈਨਲ ਵੱਲੋਂ ਲਾਈਵ ਪ੍ਰਸਾਰਣ ਕਰਨਾ ਨਿਯਮਾਂ ਦੇ ਉਲਟ ਹੈ, ਗੁਰਬਾਣੀ ਦਾ ਪ੍ਰਸਾਰਣ ਸਿੱਖ ਪੰਥ ਦੀਆਂ ਮਰਿਆਦਾਵਾਂ ਤੇ ਨਿਯਮਾਂ ਮੁਤਾਬਕ ਹੀ ਹੋਣਾ ਚਾਹੀਦਾ ਹੈ, ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਹਾ ਕਿ ਇਹ ਇੱਕ ਪੂਰੀ ਤਰ੍ਹਾਂ ਧਾਰਮਿਕ ਮੁੱਦਾ ਹੈ ਅਤੇ ਕੁਝ ਵਿਅਕਤੀ ਇਸ ਨੂੰ ਰਾਜਨੀਤਿਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਇਸ ਮੁੱਦੇ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਆਪਣੇ ਸੈਟੇਲਾਈਟ ਚੈਨਲ ਲਈ ਅਰਜ਼ੀ ਦੇ ਚੁੱਕੇ ਹਾਂ ਪਰ ਅਜੇ ਵੀ ਭਾਰਤ ਸਰਕਾਰ ਦੀ ਉਡੀਕ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੋਈ ਵੀ ਆਪਣੇ ਆਪ ਫੀਡ ਦੀ ਵਰਤੋਂ ਕਰਨ ਲਈ ਨਿਯਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਨਹੀਂ ਕਰ ਸਕਦਾ।