ਪ੍ਰਵਾਰ ਨੇ ਗੇਅ ਨੌਜਵਾਨ ਨਾਲ NRI ਕੁੜੀ ਦਾ ਕਰਵਾਇਆ ਵਿਆਹ ,ਕੀਤਾ ਧੋਖਾ

  ਪ੍ਰਵਾਰ ਨੇ ਗੇਅ ਨੌਜਵਾਨ ਨਾਲ NRI ਕੁੜੀ ਦਾ ਕਰਵਾਇਆ ਵਿਆਹ ,ਕੀਤਾ ਧੋਖਾ

ਜਲੰਧਰ ਵਿਚ ਇਕ ਪਰਿਵਾਰ ਨੇ ਇੱਕ ਸਮਲਿੰਗੀ ਨੌਜਵਾਨ ਦਾ ਕੈਨੇਡਾ ਵਿੱਚ ਰਹਿਣ ਵਾਲੀ ਇੱਕ ਐਨਆਰਆਈ ਕੁੜੀ ਨਾਲ ਝੂਠ ਬੋਲ ਕੇ ਵਿਆਹ ਕਰਵਾ ਲਿਆ। ਇਸ ਸਬੰਧੀ ਕਮਿਸ਼ਨਰੇਟ ਪੁਲਿਸ ਨੇ ਜਾਂਚ ਤੋਂ ਬਾਅਦ ਉਕਤ ਨੌਜਵਾਨ, ਉਸ ਦੀ ਮਾਂ ਅਤੇ ਪਿਤਾ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ। ਦੋਵੇਂ ਪਰਿਵਾਰ ਸ਼ਹਿਰ ਦੇ ਸਭ ਤੋਂ ਪੌਸ਼ ਖੇਤਰ ਅਰਬਨ ਅਸਟੇਟ ਵਿਚ ਸਥਿਤ ਇੱਕ ਕਲੋਨੀ ਦੇ ਵਸਨੀਕ ਹਨ। ਫਿਲਹਾਲ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

ਪੀੜਤ ਲੜਕੀ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਉਹ ਇੱਕ ਵਿਚੋਲੇ ਰਾਹੀਂ ਉਕਤ ਪਰਿਵਾਰ ਦੇ ਸੰਪਰਕ ਵਿੱਚ ਆਈ ਸੀ। ਵਿਚੋਲਾ ਖੁਦ ਵੀ ਕੈਨੇਡਾ ਦਾ ਵਸਨੀਕ ਸੀ। ਪਰਿਵਾਰ ਨੇ ਪਹਿਲਾਂ ਆਪਣੇ ਤੌਰ 'ਤੇ ਗੱਲਬਾਤ ਸ਼ੁਰੂ ਕੀਤੀ ਅਤੇ ਦੋਸ਼ੀ ਨੌਜਵਾਨ ਦੀ ਫੋਟੋ ਲੜਕੀ ਨੂੰ ਭੇਜ ਦਿੱਤੀ। ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ। ਸਾਲ 2021 ਵਿੱਚ ਕੈਨੇਡਾ ਗਈ ਲੜਕੀ ਨੂੰ ਭਾਰਤ ਬੁਲਾਇਆ ਗਿਆ। ਜਿਸ ਤੋਂ ਬਾਅਦ ਦੋਹਾਂ ਦਾ ਰਿਸ਼ਤਾ ਪੱਕਾ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਨੇ ਪਹਿਲਾਂ ਕੋਰਟ ਮੈਰਿਜ ਕੀਤੀ ਸੀ ਅਤੇ ਦੋਵੇਂ ਕੈਨੇਡਾ ਚਲੇ ਗਏ ਸਨ। ਕੈਨੇਡਾ 'ਚ ਉਕਤ ਨੌਜਵਾਨ ਨੇ ਲੜਕੀ ਨੂੰ ਨੌਕਰੀ ਤੋਂ ਹਟਾ ਦਿਤਾ। ਉਕਤ ਸਮਲਿੰਗੀ ਨੌਜਵਾਨ ਲੜਕੀ ਨੂੰ ਕਹਿੰਦਾ ਸੀ ਕਿ ਉਹ ਪੀ.ਆਰ. ਤੋਂ ਬਾਅਦ ਨੌਕਰੀ ਕਰਨਗੇ। ਜਿਸ ਤੋਂ ਬਾਅਦ ਦੋਵੇਂ ਇਕੱਠੇ ਰਹਿਣ ਲੱਗੇ। ਜਦੋਂ ਲੜਕੀ ਉਕਤ ਨੌਜਵਾਨ ਦੇ ਨੇੜੇ ਜਾਂਦੀ ਤਾਂ ਸਮਲਿੰਗੀ ਨੌਜਵਾਨ ਬਹਾਨੇ ਬਣਾਉਣ ਲੱਗ ਪੈਂਦਾ। ਪਹਿਲਾਂ ਸਮਲਿੰਗੀ ਨੌਜਵਾਨ ਕਹਿੰਦਾ ਸੀ ਕਿ ਉਹ ਸਾਰੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾ ਕੇ ਹੀ ਸਰੀਰਕ ਸਬੰਧ ਬਣਉਣਗੇ।

ਪੀੜਤ ਲੜਕੀ ਨੇ ਉਕਤ ਸਮਲਿੰਗੀ ਨੌਜਵਾਨ 'ਤੇ ਭਰੋਸਾ ਕੀਤਾ। ਸਾਲ 2023 'ਚ ਦੋਹਾਂ ਨੇ ਕੈਨੇਡਾ 'ਚ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ। ਦੋਹਾਂ ਦੇ ਵਿਆਹ 'ਤੇ ਲੱਖਾਂ ਰੁਪਏ ਖਰਚ ਕੀਤੇ ਗਏ ਸਨ। ਵਿਆਹ ਤੋਂ ਬਾਅਦ ਜਦੋਂ ਲੜਕੀ ਉਕਤ ਦੋਸ਼ੀ ਦੇ ਨੇੜੇ ਪਹੁੰਚੀ ਤਾਂ ਸਮਲਿੰਗੀ ਨੌਜਵਾਨ ਨੇ ਅਚਾਨਕ ਉਸ ਨੂੰ ਸਾਰੀ ਸੱਚਾਈ ਦੱਸ ਦਿੱਤੀ। ਜਿਸ ਤੋਂ ਬਾਅਦ ਉਕਤ ਲੜਕੀ ਨੇ ਆਪਣੇ ਪਰਿਵਾਰ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।

ਪਰਿਵਾਰ ਨੇ ਤੁਰੰਤ ਆਪਣੀ ਧੀ ਨੂੰ ਭਾਰਤ ਵਾਪਸ ਬੁਲਾਇਆ ਅਤੇ ਮਾਮਲੇ ਦੀ ਲਿਖਤੀ ਸ਼ਿਕਾਇਤ ਸਿਟੀ ਪੁਲਿਸ ਨੂੰ ਦਿਤੀ। ਸਿਟੀ ਪੁਲਿਸ ਨੇ ਤੁਰੰਤ ਇਸ ਦੀ ਜਾਂਚ ਐਂਟੀ ਫਰਾਡ ਸੈੱਲ ਨੂੰ ਸੌਂਪ ਦਿੱਤੀ। ਕਰੀਬ ਇੱਕ ਸਾਲ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਜਾਂਚ ਦੌਰਾਨ ਮੁਲਜ਼ਮ ਪਰਿਵਾਰ ਨੂੰ ਉਕਤ ਨੌਜਵਾਨ ਦੀ ਮੈਡੀਕਲ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਪਰ ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਉਕਤ ਨੌਜਵਾਨ ਨੇ ਮੈਡੀਕਲ ਰਿਪੋਰਟ ਪੇਸ਼ ਨਹੀਂ ਕੀਤੀ। ਪੁਲਿਸ ਨੇ ਕਈ ਵਾਰ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ।