ਯਾਤਰੀ ਨੂੰ ਇੰਡੀਗੋ ਏਅਰਲਾਈਨ ਨੇ ਪਹੁੰਚਾ ਦਿੱਤਾ ਉਦੈਪੁਰ, ਜਾਣਾ ਸੀ ਪਟਨਾ।

ਯਾਤਰੀ ਨੂੰ ਇੰਡੀਗੋ ਏਅਰਲਾਈਨ ਨੇ ਪਹੁੰਚਾ ਦਿੱਤਾ ਉਦੈਪੁਰ, ਜਾਣਾ ਸੀ ਪਟਨਾ।

ਇੰਡੀਗੋ ਏਅਰਲਾਈਨਜ਼ ਨੇ ਬਿਹਾਰ ਜਾਣ ਵਾਲੇ ਇਕ ਯਾਤਰੀ ਨੂੰ ਰਾਜਸਥਾਨ ਪਹੁੰਚਾ ਦਿੱਤਾ। ਉਦੈਪੁਰ ਏਅਰਪੋਰਟ ਪੁੱਜਣ ਤੋਂ ਬਾਅਦ ਯਾਤਰੀ ਨੂੰ ਅਹਿਸਾਸ ਹੋਇਆ ਕਿ ਏਅਰਲਾਈਨ ਨੇ ਉਸ ਨੂੰ ਗਲਤ ਫਲਾਈਟ ’ਚ ਬਿਠਾ ਦਿੱਤਾ। ਮਾਮਲਾ 30 ਜਨਵਰੀ ਦਾ ਹੈ, ਇਸ ਤੋਂ ਬਾਅਦ 31 ਜਨਵਰੀ ਨੂੰ ਇੰਡੀਗੋ ਨੇ ਯਾਤਰੀ ਨੂੰ ਪਟਨਾ ਭੇਜਿਆ। ਇੰਡੀਗੋ ਦਾ ਕਹਿਣਾ ਹੈ ਕਿ ਯਾਤਰੀ ਗਲਤ ਫਲਾਈਟ ’ਤੇ ਚੜ੍ਹ ਗਿਆ ਸੀ। ਉਥੇ ਹੀ DGCA ਨੇ ਪੁੱਛਿਆ ਕਿ ਜੇਕਰ ਯਾਤਰੀ ਗਲਤ ਫਲਾਈਟ ’ਚ ਚੜ੍ਹਿਆ ਸੀ ਤਾਂ ਉਸ ਦਾ ਬੋਰਡਿੰਗ ਪਾਸ ਸਹੀ ਤਰੀਕੇ ਨਾਲ ਚੈੱਕ ਕਿਉਂ ਨਹੀਂ ਕੀਤਾ ਗਿਆ। DGCA ਨੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ।

DGCA ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਯਾਤਰੀ ਦੀ ਪਛਾਣ ਅਫ਼ਸਰ ਹੁਸੈਨ ਦੇ ਰੂਪ ਵਿਚ ਕੀਤੀ ਗਈ ਹੈ। ਅਫ਼ਸਰ ਹੁਸੈਨ ਨੇ ਪਟਨਾ ਲਈ ਇੰਡੀਗੋ ਦੀ ਫਲਾਈਟ 6E-214 'ਚ ਟਿਕਟ ਬੁੱਕ ਕੀਤੀ ਸੀ। 30 ਜਨਵਰੀ 2023 ਨੂੰ ਹੁਸੈਨ ਆਪਣੀ ਫਲਾਈਟ ਦੇ ਤੈਅ ਸਮੇਂ 'ਤੇ ਦਿੱਲੀ ਏਅਰਪੋਰਟ ਪਹੁੰਚ ਗਏ ਪਰ ਗਲਤੀ ਨਾਲ ਉਨ੍ਹਾਂ ਨੂੰ ਫਲਾਈਟ 6E-319 'ਚ ਬਿਠਾ ਦਿੱਤਾ ਗਿਆ, ਜੋ ਉਦੈਪੁਰ ਜਾ ਰਹੀ ਸੀ। ਯਾਤਰੀ ਨੂੰ ਗਲਤੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਸ ਨੇ ਉਦੈਪੁਰ ਲੈਂਡਿੰਗ ਕੀਤੀ।

ਇਸ ਤੋਂ ਬਾਅਦ ਉਦੈਪੁਰ ਏਅਰਪੋਰਟ 'ਤੇ ਯਾਤਰੀ ਹੁਸੈਨ ਨੇ ਅਧਿਕਾਰੀਆਂ ਤੋਂ ਇਸ ਦੀ ਸ਼ਿਕਾਇਤ ਕੀਤੀ। ਸ਼ਿਕਾਇਤ ਮਗਰੋਂ ਏਅਰਲਾਈਨ ਉਸੇ ਦਿਨ ਯਾਤਰੀ ਨੂੰ ਵਾਪਸ ਫਲਾਈਟ ਤੋਂ ਦਿੱਲੀ ਲਿਆਈ। ਦਿੱਲੀ 'ਚ ਇਕ ਦਿਨ ਸਟੇਅ ਕਰਨ ਮਗਰੋਂ 31 ਜਨਵਰੀ ਨੂੰ ਅਫ਼ਸਰ ਹੁਸੈਨ ਨੂੰ ਫਲਾਈਟ ਤੋਂ ਪਟਨਾ ਲਈ ਭੇਜ ਦਿੱਤਾ ਗਿਆ। ਇਸ ਮਾਮਲੇ 'ਚ DGCA ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਰਿਪੋਰਟ ਮੰਗੀ ਹੈ। ਮਾਮਲੇ ਦੀ ਜਾਂਚ ਮਗਰੋਂ ਏਅਰਲਾਈਨ ਖ਼ਿਲਾਫ ਉੱਚਿਤ ਕਾਰਵਾਈ ਕੀਤੀ ਜਾਵੇਗੀ।

ਅਧਿਕਾਰੀ ਨੇ ਅੱਗੇ ਕਿਹਾ ਕਿ ਜਾਂਚ 'ਚ DGCA ਇਹ ਪਤਾ ਲਾਏਗਾ ਕਿ ਯਾਤਰੀ ਦੇ ਬੋਰਡਿੰਗ ਪਾਸ ਨੂੰ ਚੰਗੀ ਤਰ੍ਹਾਂ ਸਕੈਨ ਕਿਉਂ ਨਹੀਂ ਕੀਤਾ ਗਿਆ। ਬੋਰਡਿੰਗ ਤੋਂ ਪਹਿਲਾਂ ਬੋਰਡਿੰਗ ਪਾਸ ਨੂੰ ਨਿਯਮ ਮੁਤਾਬਕ ਦੋ ਬਿੰਦੂਆਂ 'ਤੇ ਜਾਂਚਿਆ ਜਾਂਦਾ ਹੈ ਤਾਂ ਉਹ ਗਲਤ ਫਲਾਈਟ ਵਿਚ ਕਿਵੇਂ ਚੜ੍ਹ ਗਿਆ? ਏਅਰਲਾਈਨ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਅਸੀਂ 6E-319 ਦਿੱਲੀ-ਉਦੈਪੁਰ ਫਲਾਈਟ 'ਚ ਇਕ ਯਾਤਰੀ ਨਾਲ ਹੋਈ ਘਟਨਾ ਤੋਂ ਜਾਣੂ ਹਨ। ਜਾਂਚ ਮਗਰੋਂ ਕਾਰਵਾਈ ਕੀਤੀ ਜਾਵੇਗੀ।