ਪੰਜਾਬ ਪੁਲਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਸਾਥੀ ਹਥਿਆਰਾਂ ਸਮੇਤ ਕੀਤੇ ਗ੍ਰਿਫ਼ਤਾਰ

ਪੰਜਾਬ ਪੁਲਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਸਾਥੀ ਹਥਿਆਰਾਂ ਸਮੇਤ ਕੀਤੇ ਗ੍ਰਿਫ਼ਤਾਰ

ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਨਾਲ ਸਬੰਧਤ ਤਿੰਨ ਕਾਰਕੁੰਨਾਂ ਨੂੰ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕਰਕੇ ਸੂਬੇ ’ਚ ਸਨਸਨੀਖੇਜ਼ ਅਪਰਾਧਾਂ ਨੂੰ ਟਾਲਣ ’ਚ ਵੱਡੀ ਸਫਲਤਾ ਦਰਜ ਕੀਤੀ ਹੈ। ਇਹ ਜਾਣਕਾਰੀ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਜੈ ਸਿੰਘ ਉਰਫ਼ ਅਜੈਪਾਲ ਅਤੇ ਅੰਕਿਤ ਦੋਵੇਂ ਵਾਸੀ ਭਿਵਾਨੀ, ਹਰਿਆਣਾ ਅਤੇ ਲਖਵਿੰਦਰ ਸਿੰਘ ਉਰਫ਼ ਲੱਕੀ ਵਾਸੀ  ਏ. ਕੇ. ਐੱਸ. ਕਾਲੋਨੀ, ਜ਼ੀਰਕਪੁਰ ਵਜੋਂ ਹੋਈ ਹੈ। ਮੁਲਜ਼ਮ ਅੰਕਿਤ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਹਰਿਆਣਾ ’ਚ ਕਤਲ, ਇਰਾਦਾ ਕਤਲ, ਜਬਰਨ ਵਸੂਲੀ ਅਤੇ ਅਸਲਾ ਐਕਟ ਸਮੇਤ ਕਈ ਘਿਨਾਉਣੇ ਅਪਰਾਧਿਕ ਕੇਸਾਂ ’ਚ ਸ਼ਾਮਲ ਹੈ। ਪੁਲਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ .32 ਕੈਲੀਬਰ ਦੇ ਦੋ ਪਿਸਤੌਲਾਂ ਸਮੇਤ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ ਅਤੇ ਦੋਸ਼ੀਆਂ ਦੀ ਹੁੰਡਈ ਔਰਾ ਕਾਰ ਵੀ ਜ਼ਬਤ ਕੀਤੀ ਗਈ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਖ਼ਤਾ ਇਤਲਾਹ ’ਤੇ ਕਾਰਵਾਈ ਕਰਦਿਆਂ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਅਗਵਾਈ ਵਾਲੀਆਂ ਏ.ਜੀ.ਟੀ.ਐੱਫ਼. ਟੀਮਾਂ ਨੇ ਏ.ਆਈ.ਜੀ.. ਗੁਰਮੀਤ ਸਿੰਘ ਚੌਹਾਨ ਅਤੇ ਏ.ਆਈ.ਜੀ. ਸੰਦੀਪ ਗੋਇਲ ਦੀ ਨਿਗਰਾਨੀ ਹੇਠ ਤਿੰਨੋਂ ਮੁਲਜ਼ਮਾਂ ਦਾ ਪਿੱਛਾ ਕਰਦਿਆਂ ਉਨ੍ਹਾਂ ਨੂੰ ਜ਼ੀਰਕਪੁਰ ਦੇ ਏਅਰਪੋਰਟ ਰੋਡ ਨੇੜੇ ਸਥਿਤ ਇੱਕ ਫਲੈਟ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ,  ਲਾਰੈਂਸ ਬਿਸ਼ਨੋਈ ਗੈਂਗ ਦੇ ਵਿਦੇਸ਼ੀ ਅਤੇ ਫਰਾਰ ਗੈਂਗਸਟਰਾਂ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਦੇ ਨਿਰਦੇਸ਼ਾਂ ’ਤੇ ਕੰਮ ਕਰ ਕਰਦੇ ਸਨ। ਇਹ ਦੋਸ਼ੀ ਰੇਕੀ ਕਰ ਰਹੇ ਸਨ ਅਤੇ ਹੋਰ ਲੋੜੀਂਦੀ ਜਾਣਕਾਰੀ ਇਕੱਠੀ ਕਰ ਰਹੇ ਸਨ ਕਿਉਂਕਿ ਇਨ੍ਹਾਂ ਨੂੰ ਵਿਰੋਧੀ ਗੈਂਗਸਟਰਾਂ ਦੀ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ. ਪ੍ਰਮੋਦ ਬਾਨ ਨੇ ਦੱਸਿਆ ਕਿ ਦੋਸ਼ੀ ਅੰਕਿਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਪਰਾਧਿਕ ਪਿਛੋਕੜ ਵਾਲੇ ਵਿਰੋਧੀ ਗੈਂਗਸਟਰ ਜੈ ਕੁਮਾਰ ਉਰਫ ਭੱਦਰ, ਜਿਸ ਵਿਰੁੱਧ ਘਿਨਾਉਣੇ ਅਪਰਾਧਾਂ ਦੇ 27 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਸਨ, ਦਾ 6 ਨਵੰਬਰ 2023 ਨੂੰ ਦਿਨ-ਦਿਹਾੜੇ ਕਤਲ ਕੀਤਾ ਸੀ ਅਤੇ ਉਦੋਂ ਤੋਂ ਹੀ ਉਹ ਫਰਾਰ ਸੀ। ਹਰਿਆਣਾ ਪੁਲਸ ਨੇ ਉਸਦੀ ਗ੍ਰਿਫ਼ਤਾਰੀ ਲਈ ਇਨਾਮ ਵੀ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਅਜੈ ਅਤੇ ਅੰਕਿਤ ਨੇ ਰਾਜਸਥਾਨ ’ਚ ਮਿੱਥ ਕੇ ਕਤਲ ਕਰਨ ਦੀਆਂ ਵਾਰਤਾਦਾਂ ਨੂੰ ਅੰਜਾਮ ਦੇਣ ਦੀ ਨਾਕਾਮ ਕੋਸ਼ਿਸ਼ ਵੀ ਕੀਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਡਿਊਲ ਦੀਆਂ ਅਪਰਾਧਿਕ ਗਤੀਵਿਧੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਐੱਫ.ਆਈ.ਆਰ. ਨੰਬਰ 8 ਮਿਤੀ 15/03/2024 ਨੂੰ ਆਈ.ਪੀ.ਸੀ. ਦੀ ਧਾਰਾ 120-ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25(6) ਅਤੇ 25(7) ਅਧੀਨ ਥਾਣਾ ਸਟੇਟ ਕ੍ਰਾਈਮ, ਐੱਸ. ਏ. ਐੱਸ. ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।