ਮਾਣ ਵਾਲੀ ਗੱਲ! ਪੰਜਾਬ ਪੁਲਿਸ ਦੇ AIG ਗੁਰਜੋਤ ਸਿੰਘ ਕਲੇਰ ਨੇ ਮਾਊਂਟ ਐਲਬਰਸ ''ਤੇ ਲਹਿਰਾਇਆ ਤਿਰੰਗਾ

ਮਾਣ ਵਾਲੀ ਗੱਲ! ਪੰਜਾਬ ਪੁਲਿਸ ਦੇ AIG ਗੁਰਜੋਤ ਸਿੰਘ ਕਲੇਰ ਨੇ ਮਾਊਂਟ ਐਲਬਰਸ ''ਤੇ ਲਹਿਰਾਇਆ ਤਿਰੰਗਾ

ਭਾਰਤ ਦੇ 76ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀ ਗੁਰਜੋਤ ਸਿੰਘ ਕਲੇਰ ਨੇ ਸਫਲਤਾਪੂਰਵਕ ਮਾਊਂਟ ਐਲਬਰਸ ’ਤੇ ਤਿਰੰਗਾ ਲਹਿਰਾਇਆ ਹੈ। ਇਸ ਦੇ ਨਾਲ ਹੀ ਉਹ ਯੂਰਪ ਦੀ ਸੱਭ ਤੋਂ ਉੱਚੀ ਚੋਟੀ ਫ਼ਤਹਿ ਕਰਨ ਵਾਲੇ ਪੰਜਾਬ ਪੁਲਿਸ ਦੇ ਪਹਿਲੇ ਅਧਿਕਾਰੀ ਬਣ ਗਏ ਹਨ। ਮਾਊਂਟ ਐਲਬਰਸ ਦੀ ਉਚਾਈ 5,642 ਮੀਟਰ (18,510 ਫੁੱਟ) ਹੈ।

ਇਸ ਮੌਕੇ ਉਨ੍ਹਾਂ ਨਾਲ ਮੋਹਾਲੀ ਨਿਵਾਸੀ ਪਰਬਤਾਰੋਹੀ ਤੁਰਕੰਵਲ ਦਾਸ ਤੋਂ ਇਲਾਵਾ ਰਸ਼ੀਆ ਮੂਲ ਦੀ ਲੜਕੀ ਅਤੇ ਇਕ ਨਿਪਾਲੀ ਮੂਲ ਦਾ ਪਰਬਤਾਰੋਹੀ ਵੀ ਮੌਜੂਦ ਸਨ। ਭਾਰੀ ਬਰਫੀਲੇ ਤੂਫਾਨ ਨਾਲ ਜੂਝਦੇ ਹੋਏ ਉਹ 11 ਅਗਸਤ ਨੂੰ ਸਵੇਰੇ 7 ਵਜੇ ਐਲਬਰਸ ਦੀ ਚੋਟੀ ‘ਤੇ ਪਹੁੰਚੇ। ਕਲੇਰ ਉੱਤਰਾਖੰਡ ਦੇ ਨਹਿਰੂ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਉੱਤਰਕਾਸ਼ੀ ਵਿਚ ਬੇਸਿਕ ਮਾਊਂਟੇਨੀਅਰਿੰਗ ਕੋਰਸ ਦੇ ਕੋਰਸ ਦੌਰਾਨ ਸਰਵੋਤਮ ਪਰਬਤਾਰੋਹੀ ਚੁਣੇ ਗਏ ਸਨ।

ਗੁਰਜੋਤ ਸਿੰਘ ਇਸ ਵੇਲੇ ਏ.ਆਈ.ਜੀ.-ਆਬਕਾਰੀ ਅਤੇ ਕਰ, ਪੰਜਾਬ ਦਾ ਚਾਰਜ ਸੰਭਾਲ ਰਹੇ ਹਨ ਅਤੇ ਹਾਲ ਹੀ ਵਿਚ ਜਨਵਰੀ 2023 ’ਚ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ।

ਕਲੇਰ ਨੇ ਇਸ ਚੋਟੀ ਨੂੰ ਫਤਹਿ ਕਰਨ ਦਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਇਥੇ ਤਾਪਮਾਨ ਮਾਈਨਸ 10 ਤੋਂ 15 ਡਿਗਰੀ ਰਹਿੰਦਾ ਹੈ। ਇਸ ਤੋਂ ਇਲਾਵਾ ਆਕਸੀਜਨ ਦੀ ਵੀ ਕਾਫੀ ਕਮੀ ਹੈ, ਜਿਸ ਕਾਰਨ ਉਨ੍ਹਾਂ ਨੂੰ ਅਪਣੇ ਨਾਲ ਆਕਸੀਜਨ ਸਿਲੰਡਰ ਰੱਖਣਾ ਪਿਆ। ਰਸਤੇ ਵਿੱਚ ਖਰਾਬ ਮੌਸਮ ਅਤੇ ਤੂਫਾਨ ਦੇ ਬਾਵਜੂਦ ਉਹ ਵਾਹਿਗੁਰੂ ਦਾ ਨਾਮ ਜਪਦੇ ਹੋਏ ਟੀਚੇ ਵੱਲ ਵਧਦੇ ਰਹੇ ਅਤੇ ਅੰਤ ਵਿੱਚ ਮੰਜ਼ਿਲ ਹਾਸਲ ਕਰ ਲਈ। ਉਨ੍ਹਾਂ ਨੇ ਇਸ ਚੋਟੀ ਨੂੰ ਸਰ ਕਰ ਕੇ ਸਾਰਿਆਂ ਨੂੰ ਜਲਵਾਯੂ ਤਬਦੀਲੀ ਅਤੇ ਗਲੋਬਰ ਵਾਰਮਿੰਗ ਪ੍ਰਤੀ ਜਾਗਰੂਕ ਰਹਿਣ ਦਾ ਸੁਨੇਹਾ ਦਿਤਾ।