- Updated: December 19, 2024 11:47 AM
ਭੋਗਪੁਰ ਨਾਲ ਲੱਗਦੇ ਪਿੰਡ ਲੋਹਾਰਾ ਦੀ ਔਰਤ ਕਮਲਪ੍ਰੀਤ ਕੌਰ ਜੋ ਕਿ ਟੂਰਿਸਟ ਵੀਜ਼ੇ 'ਤੇ ਕੈਨੇਡਾ ਗਈ ਸੀ, ਦੀ ਵਾਪਸੀ ਦੌਰਾਨ ਜਹਾਜ਼ 'ਚ ਹੀ ਮੌਤ ਹੋ ਗਈ।
ਜਹਾਜ਼ ਨੇ ਟੋਰਾਂਟੋ ਤੋਂ ਕਰੀਬ ਢਾਈ ਘੰਟੇ ਦੀ ਦੂਰੀ ਤੈਅ ਕਰ ਲਈ ਸੀ, ਜਦੋਂ ਮਹਿਲਾ ਕਮਲਪ੍ਰੀਤ ਕੌਰ ਦੇ ਸਾਹ ਫੁੱਲਣ ਲੱਗੇ ਤਾਂ ਡਾਕਟਰ ਨੇ ਜਹਾਜ਼ ਵਿਚ ਉਸ ਦੀ ਜਾਂਚ ਕੀਤੀ ਪਰ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜਹਾਜ਼ ਨੇ ਟੋਰਾਂਟੋ ਵਲ ਵਾਪਸੀ ਕੀਤੀ। ਯਾਤਰੀਆਂ ਨੂੰ ਦਸਿਆ ਗਿਆ ਕਿ ਜਹਾਜ਼ ਵਿਚ ਕੋਈ ਤਕਨੀਕੀ ਨੁਕਸ ਕਾਰਨ ਫ਼ਲਾਈਟ ਵਾਪਸ ਜਾ ਰਹੀ ਹੈ। ਮ੍ਰਿਤਕ ਕਮਲਪ੍ਰੀਤ ਕੌਰ (53) ਕਰੀਬ ਚਾਰ ਮਹੀਨੇ ਪਹਿਲਾਂ ਕੈਨੇਡਾ ਗਈ ਸੀ।
ਮ੍ਰਿਤਕਾ ਦਾ ਪਤੀ ਮਨਜੀਤ ਸਿੰਘ ਭੋਗਪੁਰ ਬਲਾਕ ਦੇ ਪਿੰਡ ਰਾਸਤਗੋ ਦੇ ਸਰਕਾਰੀ ਸਕੂਲ ਵਿਚ ਲੈਬ ਅਟੈਂਡੈਂਟ ਹੈ। ਉਸ ਨੇ ਦਸਿਆ ਕਿ ਉਸ ਦੇ ਦੋ ਪੁੱਤਰ ਪੱਕੇ ਤੌਰ 'ਤੇ ਕੈਨੇਡਾ ਰਹਿੰਦੇ ਹਨ। ਉਸ ਦੀ ਪਤਨੀ ਅਪਣੇ ਪਹਿਲੇ ਪੋਤੇ ਨੂੰ ਦੇਖਣ ਲਈ ਵਿਜ਼ਟਰ ਵਿਜੇ ਵੀਜ਼ੇ 'ਤੇ ਕਰੀਬ ਚਾਰ ਮਹੀਨੇ ਪਹਿਲਾਂ ਉੱਥੇ ਗਈ ਹੋਈ ਸੀ ਅਤੇ ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਕਰੀਬ ਸਾਢੇ 11 ਵਜੇ ਏਅਰ ਇੰਡੀਆ ਦਾ ਜਹਾਜ਼ ਟੋਰਾਂਟੋ ਤੋਂ ਰਵਾਨਾ ਹੋਇਆ।
ਉਸ ਦੇ ਪੁੱਤਰਾਂ ਨੇ ਉਸ ਨੂੰ ਦਸਿਆ ਕਿ ਉਨ੍ਹਾਂ ਨੇ ਅਪਣੀ ਮਾਂ ਨੂੰ ਜਹਾਜ਼ ਵਿਚ ਬਿਠਾ ਦਿਤਾ ਹੈ, ਜਿਸ 'ਤੇ ਉਹ ਸਕੂਲ ਤੋਂ ਘਰ ਆਇਆ ਅਤੇ ਉਸ ਨੂੰ ਲੈਣ ਲਈ ਬੱਸ ਫੜ ਲਈ। ਰਸਤੇ ਵਿਚ ਸਮੇਂ-ਸਮੇਂ 'ਤੇ ਉਸ ਦਾ ਸਟੇਟਸ ਆਨਲਾਈਨ ਦਿਸ ਰਿਹਾ ਸੀ ਪਰ ਜਦੋਂ ਉਹ ਖੰਨਾ ਪਹੁੰਚਿਆ ਤਾਂ ਸਟੇਟਸ ਨਜ਼ਰ ਆਉਣਾ ਬੰਦ ਹੋ ਗਿਆ। ਬਾਅਦ ਵਿਚ ਉਸ ਦੇ ਪੁੱਤਰ ਨੇ ਦਸਿਆ ਕਿ ਉਸ ਦੀ ਮਾਂ ਦੀ ਜਹਾਜ਼ ਵਿਚ ਹੀਟ ਐਲਰਜੀ ਅਤੇ ਸਾਹ ਨਾ ਆਉਣ ਕਾਰਨ ਮੌਤ ਹੋ ਗਈ ਹੈ। ਮਨਜੀਤ ਸਿੰਘ ਨੇ ਦਸਿਆ ਕਿ ਕੈਨੇਡੀਅਨ ਸਰਕਾਰ ਕਹਿ ਰਹੀ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਉਸ ਦੀ ਮੌਤ ਦਾ ਕਾਰਨ ਦਸਿਆ ਜਾਵੇਗਾ।