39 ਦਿਨਾਂ ਦੀ ਧੀ ਦੇ ਅੰਗਦਾਨ ਕਰਨ ਵਾਲੇ ਪੰਜਾਬ ਦੇ ਜੋੜੇ ਦੀ PM ਮੋਦੀ ਨੇ ‘ਮਨ ਕੀ ਬਾਤ’ ਚ ਕੀਤੀ ਤਾਰੀਫ਼

39 ਦਿਨਾਂ ਦੀ ਧੀ ਦੇ ਅੰਗਦਾਨ ਕਰਨ ਵਾਲੇ ਪੰਜਾਬ ਦੇ ਜੋੜੇ ਦੀ PM ਮੋਦੀ ਨੇ ‘ਮਨ ਕੀ ਬਾਤ’ ਚ ਕੀਤੀ ਤਾਰੀਫ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਦੀ ਸਭ ਤੋਂ ਯੰਗੇਸਟ ਡੋਨਰ ਦਾ ਖਿਤਾਬ ਹਾਸਲ ਕਰਨ ਤੋਂ ਬਾਅਦ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ 39 ਦਿਨ ਦੀ ਅਬਾਬਤ ਕੌਰ ਦੇ ਮਾਪਿਆਂ ਦੇ ਫੈਸਲੇ ਦੀ ਸ਼ਲਾਘਾ ਕੀਤੀ। ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀਬਾੜੀ ਵਿਕਾਸ ਅਫ਼ਸਰ ਸੁਖਬੀਰ ਸੰਧੂ ਅਤੇ ਉਨ੍ਹਾਂ ਦੀ ਪਤਨੀ ਸਾਇੰਸ ਪ੍ਰੋਫ਼ੈਸਰ ਸੁਪ੍ਰੀਤ ਕੌਰ ਨਾਲ ਫ਼ੋਨ ‘ਤੇ ਗੱਲਬਾਤ ਕੀਤੀ।

ਪੀ.ਐੱਮ. ਮੋਦੀ ਨੇ ਕਿਹਾ ਕਿ ਜਦੋਂ ਅਬਾਬਤ 39 ਦਿਨ ਦੀ ਸੀ ਤਾਂ ਉਸ ਦੇ ਮਾਪਿਆਂ ਨੇ ਬਹੁਤ ਵੱਡਾ ਫੈਸਲਾ ਲਿਆ। ਉਨ੍ਹਾਂ ਨੇ ਆਪਣੀ ਧੀ ਦਾ ਅੰਗ ਦਾਨ ਦਾ ਫੈਸਲਾ ਲਿਆ। ਅੰਗਦਨ ਦੇ ਪਿੱਛੇ ਸਭ ਤੋਂ ਵੱਡੀ ਭਾਵਨਾ ਇਹੀ ਹੁੰਦੀ ਹੈ ਕਿ ਜਾਂਦੇ ਸਮੇਂ ਵੀ ਕਿਸੇ ਦੀ ਜਾਨ ਬਚਾਈ ਜਾਵੇ। ਅੰਗਦਾਨ ਦੀ ਉਡੀਕ ਕਰਨ ਵਾਲੇ ਲੋਕ ਜਾਣਦੇ ਨੇ ਕਿ ਉਡੀਕ ਦਾ ਪਲ-ਪਲ ਕੱਟਣਾ ਕਿੰਨਾ ਮੁਸ਼ਕਲ ਹੈ।

                     Image

ਪ੍ਰਧਾਨ ਮੰਤਰੀ ਨੇ ਜੋੜੇ ਨਾਲ ਗੱਲਬਾਤ ਕਰਨ ਤੋਂ ਬਾਅਦ ਐਲਾਨ ਕੀਤਾ ਕਿ ਭਾਰਤ ਵਿੱਚ ਟਰਾਂਸਪਲਾਂਟ ਲਈ ਡੋਮੀਸਾਈਲ ਦੀ ਸ਼ਰਤ ਵੀ ਖਤਮ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦਾ ਕੋਈ ਵੀ ਵਿਅਕਤੀ ਕਿਸੇ ਵੀ ਸੂਬੇ ਵਿੱਚ ਜਾ ਕੇ ਬਿਨਾਂ ਕਿਸੇ ਝਿਜਕ ਦੇ ਟਰਾਂਸਪਲਾਂਟ ਕਰਵਾ ਸਕਦਾ ਹੈ। ਆਪਣੀ 39 ਦਿਨਾਂ ਦੀ ਬੱਚੀ ਦੀ ਮੌਤ ਤੋਂ ਬਾਅਦ ਸੁਖਬੀਰ ਅਤੇ ਸੁਪ੍ਰੀਤ ਨੇ ਅੰਗਦਾਨ ਦਾ ਫੈਸਲਾ ਲੈ ਕੇ ਦੂਜੇ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ।

ਇਹ ਫੈਸਲਾ ਸੌਖਾ ਨਹੀਂ ਸੀ, ਪਰ ਇਸ ਜੋੜੇ ਨੇ ਹਿੰਮਤ ਦਿਖਾਈ। ਉਨ੍ਹਾਂ ਦੀ ਬੱਚੀ ਦਾ ਗੁਰਦਾ ਪੀਜੀਆਈ ਵਿੱਚ ਟਰਾਂਸਪਲਾਂਟ ਕੀਤਾ ਗਿਆ ਸੀ। ਇੱਕ ਹੋਰ ਵਿਅਕਤੀ ਨੂੰ ਉਸ ਦੇ ਦੋ ਗੁਰਦਿਆਂ ਤੋਂ ਨਵੀਂ ਜ਼ਿੰਦਗੀ ਮਿਲੀ ਹੈ। ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦਿਆਂ ਜੋੜੇ ਨੇ ਕਿਹਾ ਕਿ ਉਨ੍ਹਾਂ ਦੀ ਬੱਚੀ ਕਿਸੇ ਹੋਰ ਨੂੰ ਜਾਨ ਦੇਣ ਆਈ ਸੀ।

ਇਸ ਬੱਚੀ ਦਾ ਜਨਮ 28 ਅਕਤੂਬਰ ਨੂੰ ਖੇਤੀਬਾੜੀ ਵਿਕਾਸ ਅਫਸਰ ਸੁਖਬੀਰ ਸਿੰਘ ਸੰਧੂ ਅਤੇ ਪ੍ਰੋਫੈਸਰ ਸੁਪ੍ਰੀਤ ਕੌਰ, ਅੰਮ੍ਰਿਤਸਰ, ਪੰਜਾਬ ਦੇ ਘਰ ਹੋਇਆ। ਦੋਵਾਂ ਨੇ ਪਿਆਰ ਨਾਲ ਉਸ ਦਾ ਨਾਂ ਅਬਾਬਤ ਕੌਰ ਸੰਧੂ ਰੱਖਿਆ। 24 ਦਿਨਾਂ ਤੱਕ ਉਹ ਪੂਰੀ ਤਰ੍ਹਾਂ ਠੀਕ ਸੀ ਪਰ ਅਚਾਨਕ ਉਸ ਨੂੰ ਅਟੈਕ ਹੋ ਗਿਆ। ਡਾਕਟਰਾਂ ਦੀ ਸਲਾਹ ‘ਤੇ ਉਹ ਬੱਚੀ ਨੂੰ ਪੀਜੀਆਈ ਚੰਡੀਗੜ੍ਹ ਲੈ ਗਏ।

ਪੀਜੀਆਈ ਦੇ ਡਾਕਟਰਾਂ ਨੇ ਜਾਂਚ ਵਿੱਚ ਪਾਇਆ ਕਿ ਉਸ ਦੇ ਦਿਮਾਗ ਤੱਕ ਖੂਨ ਨਹੀਂ ਪਹੁੰਚ ਰਿਹਾ ਹੈ। ਉਹ ਜ਼ਿਆਦਾ ਦੇਰ ਜ਼ਿੰਦਾ ਨਹੀਂ ਰਹਿ ਸਕੇਗੀ ਅਤੇ ਕੁਝ ਸਮੇਂ ਬਾਅਦ ਦਸੰਬਰ 2022 ਨੂੰ ਅਬਾਬਤ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਇਸ ਦੁੱਖ ਦੀ ਘੜੀ ਵਿੱਚ ਵੀ ਇਸ ਜੋੜੇ ਨੇ ਇਨਸਾਨੀਅਤ ਦਾ ਖਿਆਲ ਕੀਤਾ। ਉਨ੍ਹਾਂ ਨੇ ਉ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ। ਪੀਜੀਆਈ ਦੀ ਟੀਮ ਵੀ ਤਿਆਰ ਹੋ ਗਈ। ਬਿਨਾਂ ਦੇਰੀ ਕੀਤੇ ਦੋ ਘੰਟੇ ਦੇ ਆਪ੍ਰੇਸ਼ਨ ਵਿਚ ਬੱਚੀ ਦਾ ਗੁਰਦਾ ਟਰਾਂਸਪਲਾਂਟ ਕਰ ਕੇ ਪ੍ਰੋ. ਅਸ਼ੀਸ਼ ਸ਼ਰਮਾ ਦੀ ਟੀਮ ਨੇ ਸਫ਼ਲਤਾ ਹਾਸਲ ਕਰਦਿਆਂ ਪਟਿਆਲਾ ਜ਼ਿਲ੍ਹੇ ਦੇ 15 ਸਾਲਾ ਲੜਕੇ ‘ਚ ਅਬਾਬਤ ਦੀ ਕਿਡਨੀ ਟਰਾਂਸਪਲਾਂਟ ਕਰ ਦਿੱਤੀ।