ਬਠਿੰਡਾ ''ਚ ਲਾਲ ਸੂਟਕੇਸ ''ਚੋਂ ਮਿਲੀ ਕੁੜੀ ਦੀ ਲਾਸ਼ ਬਾਰੇ ਰਾਜ਼ ਖੁੱਲ੍ਹਿਆ

ਬਠਿੰਡਾ ''ਚ ਲਾਲ ਸੂਟਕੇਸ ''ਚੋਂ ਮਿਲੀ ਕੁੜੀ ਦੀ ਲਾਸ਼ ਬਾਰੇ ਰਾਜ਼ ਖੁੱਲ੍ਹਿਆ

ਜ਼ਿਲ੍ਹੇ ਦੇ ਪਿੰਡ ਬਹਮਨ ਦੀਵਾਨਾ ਨੇੜੇ ਲਾਲ ਰੰਗ ਦੇ ਸੂਟਕੇਸ 'ਚ ਮਿਲੀ ਨੌਜਵਾਨ ਕੁੜੀ ਦੀ ਲਾਸ਼ ਦੀ ਪਛਾਣ ਕਰ ਲਈ ਗਈ ਹੈ। ਮ੍ਰਿਤਕਾ ਦੀ ਪਛਾਣਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਦੀ ਰਹਿਣ ਵਾਲੀ ਮਲਿਕਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਲਿਕਾ ਪਿਛਲੇ ਕਾਫੀ ਸਮੇਂ ਤੋਂ ਬਠਿੰਡਾ 'ਚ ਰਹਿ ਰਹੀ ਸੀ ਪਰ ਉਸਦੇ ਪਰਿਵਾਰ ਦਾ ਕੋਈ ਵੀ ਮੈਂਬਰ ਹੁਣ ਤੱਕ ਸਾਹਮਣੇ ਨਹੀਂ ਆਇਆ। ਸੂਤਰਾਂ ਅਨੁਸਾਰ ਮਲਿਕਾ ਬਠਿੰਡਾ 'ਚ ਆਪਣੇ ਕਿਸੇ ਦੋਸਤ ਨਾਲ ਰਹਿ ਰਹੀ ਸੀ ਪਰ ਉਹ ਦੋਸਤ ਕੌਣ ਹੈ ਅਤੇ ਕਿੱਥੇ ਰਹਿੰਦਾ ਹੈ, ਇਸ ਬਾਰੇ ਪੁਲਸ ਨੂੰ ਹੁਣ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ। ਪੁਲਸ ਲਈ ਇਹ ਦੋਸਤ ਇਸ ਕਤਲ ਕੇਸ ਦੀ ਜਾਂਚ 'ਚ ਸਭ ਤੋਂ ਵੱਡਾ ਸੁਰਾਗ ਮੰਨਿਆ ਜਾ ਰਿਹਾ ਹੈ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਈ ਐਂਗਲਾਂ ਤੋਂ ਕੀਤੀ ਜਾ ਰਹੀ ਹੈ। ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਸੂਟਕੇਸ ਇੱਥੇ ਕੌਣ ਅਤੇ ਕਦੋਂ ਸੁੱਟ ਕੇ ਗਿਆ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਮਾਮਲਾ ਪ੍ਰੇਮ ਸਬੰਧ, ਆਪਸੀ ਝਗੜੇ ਜਾਂ ਕਿਸੇ ਰੰਜਿਸ਼ ਨਾਲ ਤਾਂ ਨਹੀਂ ਜੁੜਿਆ।

ਦੱਸਣਯੋਗ ਹੈ ਕਿ ਪਿੰਡ ਬਹਮਨ ਦੀਵਾਨਾ ਨੇੜੇ ਇੱਕ ਖ਼ਾਲੀ ਜਗ੍ਹਾ ਤੋਂ ਲਾਲ ਰੰਗ ਦਾ ਸੂਟਕੇਸ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਸੀ। ਜਦੋਂ ਪੁਲਸ ਨੇ ਸੂਟਕੇਸ ਖੋਲ੍ਹਿਆ ਤਾਂ ਉਸ 'ਚਕਰੀਬ 20 ਸਾਲ ਦੀ ਨੌਜਵਾਨ ਕੁੜੀ ਦੀ ਲਾਸ਼ ਮਿਲੀ ਸੀ। ਲਾਸ਼ ਦੀ ਹਾਲਤ ਦੇਖ ਕੇ ਪਹਿਲੀ ਨਜ਼ਰ 'ਚ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਕੁੜੀ ਦਾ ਕਤਲ ਕਰਕੇ ਲਾਸ਼ ਨੂੰ ਸੂਟਕੇਸ 'ਚ ਬੰਦ ਕਰ ਇੱਥੇ ਸੁੱਟਿਆ ਗਿਆ ਹੈ। ਕੁੜੀ ਦੇ ਸਰੀਰ ’ਤੇ ‘ਕਾਕੂ’ ਨਾਂ ਦਾ ਟੈਟੂ ਵੀ ਬਣਿਆ ਹੋਇਆ ਸੀ, ਜੋ ਪਛਾਣ ਦਾ ਮਹੱਤਵਪੂਰਨ ਸੁਰਾਗ ਬਣਿਆ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਕੇ ’ਤੇ ਫਾਰੈਂਸਿਕ ਟੀਮ ਨੂੰ ਬੁਲਾਇਆ ਗਿਆ, ਜਿਸ ਨੇ ਜ਼ਰੂਰੀ ਸਬੂਤ ਇਕੱਠੇ ਕੀਤੇ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ ਗਿਆ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਜਲਦ ਹੀ ਇਸ ਸਨਸਨੀਖੇਜ਼ ਕਤਲ ਮਾਮਲੇ ਦਾ ਖ਼ੁਲਾਸਾ ਕਰਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।