ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ,ਜਲੰਧਰ ਸਣੇ ਕਈ ਜ਼ਿਲ੍ਹਿਆਂ ''ਚ ਪਿਆ ਮੀਂਹ,ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ,ਜਲੰਧਰ ਸਣੇ ਕਈ ਜ਼ਿਲ੍ਹਿਆਂ ''ਚ ਪਿਆ ਮੀਂਹ,ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਹੁੰਮਸ ਭਰੀ ਗਰਮੀ ਤੋਂ ਅੱਜ ਲੋਕਾਂ ਨੂੰ ਉਸ ਸਮੇਂ ਥੋੜ੍ਹੀ ਰਾਹਤ ਮਿਲੀ ਜਦੋਂ ਪੰਜਾਬ ਦੇ ਕੁਝ ਜ਼ਿਲ੍ਹਿਆ ਵਿਚ ਮੌਸਮ ਨੇ ਕਰਵਟ ਬਦਲ ਲਈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਪੈਣ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਜਲੰਧਰ, ਲੁਧਿਆਣਾ ਸਮੇਤ ਹੋਰ ਵੀ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਪੈ ਰਹੀ ਹੈ। 

ਦੱਸਣਯੋਗ ਹੈ ਕਿ ਪੰਜਾਬ 'ਚ ਇਨ੍ਹੀਂ ਦਿਨੀਂ ਹੁੰਮਸ ਭਰੀ ਗਰਮੀ ਤੋਂ ਲੋਕ ਕਾਫ਼ੀ ਪਰੇਸ਼ਾਨ ਹਨ। ਇਸੇ ਦੌਰਾਨ ਮੌਸਮ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਅਤੇ ਭਾਰੀ ਮੀਂਹ ਪੈ ਸਕਦਾ ਹੈ। ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਨੂੰ ਛੱਡ ਕੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ।

ਉਧਰ ਆਉਣ ਵਾਲੇ ਇਕ ਹਫ਼ਤੇ ਤੱਕ ਚੰਡੀਗੜ੍ਹ ਵਿਚ ਭਾਰੀ ਮੀਂਹ ਤਾਂ ਨਹੀਂ ਪਰ ਵਿਚ-ਵਿਚ ਮੀਂਹ ਪੈਂਦਾ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਹਲਕੀਆਂ ਪੱਛਮੀ ਪੌਣਾਂ ਸਰਗਰਮ ਹਨ, ਜਿਸਦਾ ਅਸਰ ਦੇਖਣ ਨੂੰ ਮਿਲੇਗਾ। ਮੀਂਹ ਤੋਂ ਬਾਅਦ ਤਾਪਮਾਨ ਵਿਚ ਕਮੀ ਆਉਂਦੀ ਹੈ ਪਰ ਜਿਵੇਂ ਹੀ ਧੁੱਪ ਨਿਕਲਦੀ ਹੈ ਵਾਧਾ ਹੋ ਜਾਂਦਾ ਹੈ ਤਾਂ ਅਜਿਹੇ ਵਿਚ ਤਾਪਮਾਨ 30 ਤੋਂ 34 ਡਿਗਰੀ ਦੇ ਆਸਪਾਸ ਹੀ ਰਹੇਗਾ।